ਵਾਲਮੀਕਿ ਜੱਥੇਬੰਦੀ ਦੇ ਆਗੂ ਪ੍ਰਦੀਪ ਗੱਬਰ ’ਤੇ ਹੋਇਆ ਹਮਲਾ

ਵਾਲਮੀਕਿ ਜੱਥੇਬੰਦੀ ਦੇ ਆਗੂ ਪ੍ਰਦੀਪ ਗੱਬਰ ’ਤੇ ਹੋਇਆ ਹਮਲਾ

ਅੰਮ੍ਰਿਤਸਰ : ਬੀਤੀ ਦੇਰ ਸ਼ਾਮ ਰਾਮਤਲਾਈ ਚੌਂਕ ਨਜਦੀਕ ਵਾਲਮੀਕਿ ਜੇਥੇਬੰਦੀ ਦੇ ਆਗੂ ਪ੍ਰਦੀਪ ਗੱਬਰ ’ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕਿ ਮਜ਼ਹਬੀ ਸਿੱਖ ਧਰਮ ਸਮਾਜ ਦੇ ਮੁੱਖ ਸੰਚਾਲਕ ਪ੍ਰਦੀਪ ਗੱਬਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਹ ਆਪਣੇ ਦਫਤਰ ’ਚ ਰੋਜ਼ ਦੀ ਤਰ੍ਹਾਂ ਕੰਮ ਕਰ ਰਹੇ ਸੀ ਤਾਂ ਅਚਾਨਕ ਕੁੱਝ ਅਣਪਛਾਤੇ ਵਿਅਕਤੀਆਂ ਨੇ ਆ ਕੇ ਹਮਲਾ ਕਰ ਦਿੱਤਾ ਅਤੇ ਬੜੀ ਮੁਸ਼ਕਿਲ ਦੇ ਨਾਲ ਉਨ੍ਹਾਂ ਆਪਣੀ ਜਾਨ ਬਚਾਈ ਤੇ ਜਾਂਦੇ ਸਮੇਂ ਹਮਲਾਵਰਾਂ ਨੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

 ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋਈਆਂ ਹਨ, ਜਿਸ ਸਬੰਧੀ ਉਨ੍ਹਾਂ ਸਬੰਧਤ ਥਾਣੇ ਸ਼ਿਕਾਇਤ ਵੀ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਉਹ ਸਮਾਜ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ।

 ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਜਲਦ ਹੀ ਮਾਮਲਾ ਦਰਜ ਕਰਕੇ ਹਮਲਾਵਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਣਗੇ। ਪ੍ਰਦੀਪ ਗੱਬਰ ਦੇ ਸਮਰਥਨ ਵਿਚ ਆਈਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੁਮੀਤ ਕਾਲੀ, ਅਮਨ ਮੂਲ ਨਿਵਾਸੀ, ਪੰਮਾ ਪ੍ਰਧਾਨ, ਸੁਰਿੰਦਰ ਕੁਮਾਰ ਭੱਟੀ ਤੇ ਸੋਨੂੰ ਸਭਰਵਾਲ ਨੇ ਕਿਹਾ ਕਿ ਜੇਕਰ ਜਲਦ ਤੋਂ ਜਲਦ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਸਾਰੀ ਸਾਜਿਸ਼ ਦਾ ਪਰਦਾਫਾਸ਼ ਨਾ ਕੀਤਾ ਗਿਆ ਤਾਂ ਸਮੂਹ ਜਥੇਬੰਦੀਆਂ ਧਰਨੇ ਲਗਾਉਣ ਲਈ ਮਜਬੂਰ ਹੋਣਗੀਆਂ। ਪ੍ਰਦੀਪ ਗੱਬਰ ਦੀ ਦੁਕਾਨ ’ਤੇ ਪਹੁੰਚੇ ਥਾਣਾ ਬੀ ਡਵੀਜ਼ਨ ਦੇ ਐਸਐਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਤੱਥਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਚੇਗੀ।