ਬਠਿੰਡਾ: ਬੀਐਸਐਨਐਲ ਦੇ ਡੀਜੀਐਮ ਮਨੋਜ ਕੁਮਾਰ ਨੇ ਦੱਸਿਆ ਕਿ ਹੁਣ ਬੀਐਸਐਨਐਲ ਵੱਲੋਂ ਐਫਟੀਟੀਐਚ ਵਾਈਫਾਈ ਰੋਮਿੰਗ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸਦੇ ਨਾਲ ਜੇਕਰ ਕਿਸੇ ਕੋਲ ਇੱਥੇ ਐਫਟੀਟੀਐਚ ਕਨੈਕਸ਼ਨ ਹੈ, ਤਾਂ ਉਹ ਪੂਰੇ ਭਾਰਤ ਵਿਚ ਐਫਟੀਟੀਐਚ ਰੇਂਜ ਵਿਚ ਕਿਤੇ ਵੀ ਆਪਣੇ ਨੈੱਟ ਦੀ ਵਰਤੋਂ ਕਰ ਸਕਦਾ ਹੈ। ਇਸਦੇ ਲਈ ਉਸਨੂੰ ਲੌਗਇਨ ਆਈਡੀ ਅਤੇ ਪਾਸਵਰਡ ਭਰਨਾ ਹੋਵੇਗਾ। ਇਸ ਨਾਲ ਬੇਸ਼ੱਕ ਰੇਂਜ ਵੱਖਰੀ ਹੋਵੇਗੀ, ਪਰ ਡੇਟਾ ਦੀ ਵਰਤੋਂ ਉਪਭੋਗਤਾ ਦੁਆਰਾ ਕੀਤੀ ਜਾਵੇਗੀ। ਇਹ ਸਕੀਮ ਪੂਰੇ ਭਾਰਤ ਵਿਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅੱਜ ਤਕ ਕਿਸੇ ਹੋਰ ਕੰਪਨੀ ਨੇ ਇਸ ਤਰ੍ਹਾਂ ਦੀ ਸਕੀਮ ਸ਼ੁਰੂ ਨਹੀਂ ਕੀਤੀ ਹੈ। ਉਹ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਵਿਭਾਗ ਦੀਆਂ ਵੱਖ ਵੱਖ ਸਮੀਮਾਂ ਦੀ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਐਫਟੀਟੀਐਚ ਕੁਨੈਕਸ਼ਨ ਤੇ ਚਾਰ ਡਿਵਾਈਸਾਂ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਉਹ ਦੇਸ਼ ਦੇ ਕਿਸੇ ਵੀ ਐਫਟੀਟੀਐਚ ਕਨੈਕਸ਼ਨ ਤੇ ਆਪਣੇ ਨੈੱਟ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਸ਼ੱਕ ਪ੍ਰਾਈਵੇਟ ਟੈਲੀਕਾਮ ਸੈਕਟਰ ਬਹੁਤ ਵਧੀਆ ਹੈ, ਪਰ ਬੀਐਸਐਨਐਲ ਉਨ੍ਹਾਂ ਥਾਵਾਂ ਤੇ ਆਪਣੀ ਸੇਵਾ ਵਧਾ ਰਿਹਾ ਹੈ ਜਿੱਥੇ ਕਿਸੇ ਹੋਰ ਕੰਪਨੀ ਦਾ ਨੈੱਟਵਰਕ ਨਹੀਂ ਹੈ। ਜਦੋਂ ਕਿ ਬੀਐਸਐਨਐਲ ਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ ਨਾ ਕਿ ਮੁਨਾਫਾ ਕਮਾਉਣਾ। ਉਨ੍ਹਾਂ ਇਹ ਵੀ ਦੱਸਿਆ ਕਿ ਬੀਐਸਐਨਐਲ ਵੱਲੋਂ 4 ਜੀ ਲਾਂਚ ਕੀਤਾ ਗਿਆ ਹੈ ਅਤੇ 5 ਜੀ ਇਸ ਸਾਲ ਲਾਂਚ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਇਲਾਵਾ ਬੀਐਸਐਨਐਲ ਵੱਲੋਂ ਆਈਐਫਟੀਵੀ ਵੀ ਲਾਂਚ ਕੀਤਾ ਗਿਆ ਹੈ, ਜਿਸ ਲਈ ਇਕ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਕੰਪਨੀ ਦੀ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ 500 ਚੈਨਲਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਹਾਲ ਹੀ ਵਿਚ ਬੀਐਸਐਨਐਲ ਨੇ ਮੋਬਾਈਲ ਤੇ ਆਉਣ ਵਾਲੀਆਂ ਸਪੈਮ ਕਾਲਾਂ ਅਤੇ ਸੰਦੇਸ਼ਾਂ ਨੂੰ ਰੋਕਣ ਦੀ ਸਹੂਲਤ ਵੀ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸਪੈਮ ਕਾਲ ਅਤੇ ਮੈਸੇਜ ਆਪਣੇ ਆਪ ਬਲੌਕ ਹੋ ਜਾਣਗੇ।
Leave a Reply