ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈੱਬਸਾਈਟ ’ਤੇ ਪਾਏ ਜਾਣ ਦੀ ਮੰਗ

ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈੱਬਸਾਈਟ ’ਤੇ ਪਾਏ ਜਾਣ ਦੀ ਮੰਗ

ਐੱਸਏਐੱਸ ਨਗਰ: ਕਮੇਟੀ ਆਫ਼ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੁਸਾਇਟੀਜ਼ (ਮੈਗਾ ਮੁਹਾਲੀ) ਨੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ’ਤੇ ਦਰਜ ਕੀਤੇ ਜਾਣ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਬੈਠਕ ’ਚ ਇਨ੍ਹਾਂ ਪ੍ਰੋਜੈਕਟਾਂ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਕਿਹਾ ਗਿਆ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਖ਼ਰੀਦੋ-ਫ਼ਰੋਖਤ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੇ ਇੰਤਕਾਲ ਨਾ ਹੋਣ ਕਾਰਨ ਲੋਕ ਇਨ੍ਹਾਂ ਬਿਲਡਰਾਂ ਅਤੇ ਡੀਲਰਾਂ ਦੀ ਠੱਗੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਅਜਿਹਾ ਹੋਣ ਕਾਰਨ ਇਮਾਨਦਾਰ ਬਿਲਡਰਾਂ ਅਤੇ ਡੀਲਰਾਂ ਦਾ ਅਕਸ ਵੀ ਖ਼ਰਾਬ ਹੋ ਰਿਹਾ ਹੈ।

ਬੁਲਾਰਿਆਂ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਕੁਝ ਮਾਮਲਿਆਂ ਵਿੱਚ ਬਿਲਡਰਾਂ ਵਲੋਂ ਇੱਕੋ ਪ੍ਰਾਪਰਟੀ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ। ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਠੱਗੀਆਂ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਆਮ ਲੋਕਾਂ ਕੋਲ ਕੋਈ ਵੀ ਅਜਿਹੀ ਸਰਕਾਰੀ ਸੁਵਿਧਾ ਨਹੀਂ ਹੈ, ਜਿਸ ਨਾਲ ਲੋਕ ਇਸ ਗੱਲ ਦੀ ਜਾਂਚ ਕਰ ਸਕਣ ਕਿ ਇਸ ਪ੍ਰਾਪਰਟੀ ਦਾ ਅਸਲ ਮਾਲਕ ਕੋਣ ਹੈ, ਜਦੋਂਕਿ ਗਮਾਡਾ ਅਤੇ ਪੁੱਡਾ ਦੇ ਸੈਕਟਰਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਗਮਾਡਾਂ ਦੀ ਵੈੱਬਸਾਈਟ ’ਤੇ ਉਪਲਬਧ ਹਨ, ਜਿਨ੍ਹਾਂ ਨੂੰ ਆਮ ਲੋਕ ਵੀ ਵੇਖ ਸਕਦੇ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਵੀ ਗਮਾਡਾ ਦੀ ਵੈੱਬਸਾਈਟ ’ਤੇ ਅਪਲੋਡ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਨ੍ਹਾਂ ਬਿਲਡਰਾਂ ਦੀ ਠੱਗੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਇਨ੍ਹਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਨੂੰ ਟਰਾਂਸਫਰ ਕਰਨ ਦਾ ਕੰਮ ਗਮਾਡਾ (ਪੁੱਡਾ) ਖ਼ੁਦ ਆਪ ਕਰੇ ਤਾਂ ਕਿ ਬਿਲਡਰਾਂ ਵੱਲੋਂ ਟਰਾਂਸਫਰ ਕਰਨ ਲਈ ਮਨਮਰਜੀ ਦੀਆਂ ਵਸੂਲੀਆਂ ਜਾਂਦੀਆਂ ਮੋਟੀਆਂ ਰਕਮਾਂ ਤੋਂ ਨਿਜਾਤ ਮਿਲ ਸਕੇ। ਅਜਿਹਾ ਕਰਨ ਨਾਲ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਕੁੱਝ ਬਿਲਡਰਾਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ’ਤੇ ਲੋਨ ਵੀ ਲਏ ਜਾ ਰਹੇ ਹਨ ਕਿਉਂਕਿ ਇਨ੍ਹਾਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਸਿਰਫ਼ ਤੇ ਸਿਰਫ਼ ਬਿਲਡਰਾਂ ਦੇ ਆਪਣੇ ਰਿਕਾਰਡ ਵਿੱਚ ਹੀ ਦਰਜ ਹੁੰਦੇ ਹਨ। ਜਿਸ ਕਾਰਨ ਇਹ ਬਿਲਡਰ ਆਪਣੀ ਲੋੜ ਅਨੁਸਾਰ ਆਪਣੇ ਰਿਕਾਰਡ ਵਿੱਚ ਛੇੜ ਛਾੜ ਕਰਕੇ ਲੋਨ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇਕਰ ਇਨ੍ਹਾਂ ਪ੍ਰਾਈਵੇਟ ਮੈਗਾ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੇ ਵੇਰਵੇ ਗਮਾਡਾ ਦੀ ਵੈੱਬਸਾਈਟ ’ਤੇ ਦਰਜ ਹੋਣਗੇ ਤਾਂ ਲੋਕਾਂ ਦੇ ਨਾਲ-ਨਾਲ ਬੈਂਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਦਾ ਹੈ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਦੇ ਹੋਏ ਗਮਾਡਾ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੇ ਵੇਰਵੇ ਇਸ ਦਫ਼ਤਰ ਦੀ ਵੈੱਬਸਾਈਟ ’ਤੇ ਦਰਜ ਕਰਨ ਲਈ ਨਿਰਦੇਸ਼ ਦਿੱਤੇ ਜਾਣ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ, ਸੰਤ ਸਿੰਘ, ਜਸਵੀਰ ਸਿੰਘ ਗੜਾਂਗ, ਅਮਰਜੀਤ ਸਿੰਘ ਭੰਮਰਾ, ਮਨੋਜ ਸ਼ਰਮਾ, ਐੱਮਐੱਲ ਸ਼ਰਮਾ, ਸੰਦੀਪ ਝੰਬ, ਪਵਨ ਗੋਇਲ, ਭੁਪਿੰਦਰ ਸਿੰਘ, ਨਵੀਨ ਸੂਦ, ਅਰੁਣ ਮਲਹੋਤਰਾ, ਅਮਨਪ੍ਰੀਤ ਸਿੰਘ, ਅਮਿਤ ਚੌਹਾਨ, ਕਮਲ ਬੱਗਾ ਅਤੇ ਸੁਮਿਕਸ਼ਾ ਸੂਦ ਵੀ ਹਾਜ਼ਰ ਸਨ।