ਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀ
- ਦੇਸ਼
- 31 Mar,2025

ਨਾਗਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ ਸੱਭਿਆਚਾਰ ਦਾ ਬੋਹੜ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬਣਨ ਦੇ 11 ਸਾਲਾਂ ਬਾਅਦ ਮੋਦੀ ਨੇ ਇਥੇ ਸੰਘ ਦੇ ਹੈੱਡਕੁਆਰਟਰ ਦਾ ਪਹਿਲੀ ਵਾਰ ਦੌਰਾ ਕੀਤਾ ਹੈ। ਮੋਦੀ ਦੂਜੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਨਾਗਪੁਰ ’ਚ ਸੰਘ ਦਫ਼ਤਰ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਅਟਲ ਬਿਹਾਰੀ ਵਾਜਪਈ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਸੰਘ ਦਫ਼ਤਰ ਦਾ ਦੌਰਾ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਸੰਘ ਦਫ਼ਤਰ ’ਚ ਡਾਕਟਰ ਹੈਡਗੇਵਾਰ ਸਮ੍ਰਿਤੀ ਮੰਦਰ ਦਾ ਦੌਰਾ ਕਰਕੇ ਸੰਘ ਦੇ ਬਾਨੀਆਂ ਕੇਸ਼ਵ ਬਲੀਰਾਮ ਹੈਡਗੇਵਾਰ ਅਤੇ ਮਾਧਵਰਾਓ ਗੋਲਵਲਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਮਾਧਵ ਨੇਤਰਾਲਿਆ ਪ੍ਰੀਮੀਅਮ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਦਾ ਨਾਮ ਸੰਘ ਦੇ ਮਰਹੂਮ ਮੁਖੀ ਮਾਧਵਰਾਓ ਗੋਲਵਲਕਰ ਦੇ ਨਾਮ ’ਤੇ ਰੱਖਿਆ ਗਿਆ ਹੈ।
ਨੀਂਹ ਪੱਥਰ ਰੱਖਣ ਮਗਰੋਂ ਮੋਦੀ ਨੇ ਕਿਹਾ, ‘‘ਸੰਘ ਵਾਲੰਟੀਅਰ ਦੇਸ਼ ਦੇ ਵੱਖ ਵੱਖ ਖੇਤਰਾਂ ਅਤੇ ਹਿੱਸਿਆਂ ’ਚ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਹੇ ਹਨ। ਆਰਐੱਸਐੱਸ ਭਾਰਤ ਦੇ ਅਮਰ ਸੱਭਿਆਚਾਰ ਅਤੇ ਆਧੁਨਿਕੀਕਰਨ ਦਾ ਬੋਹੜ ਹੈ।’’ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਪਿਛਲੇ 100 ਸਾਲਾਂ ’ਚ ਤਪੱਸਿਆ ਅਤੇ ਸਮਰਪਣ ਦਾ ਫਲ ਹੁਣ ਮਿਲ ਰਿਹਾ ਹੈ ਜਦੋਂ ਮੁਲਕ 2047 ’ਚ ਵਿਕਸਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵੱਲ ਅਗਾਂਹ ਵਧ ਰਿਹਾ ਹੈ। ਮਹਾਂਕੁੰਭ ਦੌਰਾਨ ਆਰਐੱਸਐੱਸ ਵਾਲੰਟੀਅਰਾਂ ਵੱਲੋਂ ਕੀਤੇ ਗਏ ਮਿਸਾਲੀ ਕੰਮ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਥੇ ਕਿਤੇ ਵੀ ਸੇਵਾ ਦੀ ਲੋੜ ਹੁੰਦੀ ਹੈ ਤਾਂ ਉਥੇ ਸੰਘ ਵਾਲੰਟੀਅਰ ਪਹੁੰਚ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਦੀ ਭਾਵਨਾ ਪੂਰੇ ਰਾਸ਼ਟਰ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਘ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਦੇ ਵਿਕਾਸ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਅਗਲੇ ਇਕ ਹਜ਼ਾਰ ਸਾਲਾਂ ਲਈ ਵਿਕਸਤ ਅਤੇ ਮਜ਼ਬੂਤ ਭਾਰਤ ਦਾ ਨੀਂਹ ਪੱਥਰ ਰੱਖਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤਾਂ ਆਰਐੱਸਐੱਸ ਆਪਣੀ ਸਥਾਪਨਾ ਦੀ ਸ਼ਤਾਬਦੀ ਮੁਕੰਮਲ ਕਰ ਰਿਹਾ ਹੈ।
ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਵੈਮਸੇਵਕ ਆਪਣੇ ਲਈ ਨਹੀਂ ਸਗੋਂ ਸਮਾਜ ’ਚ ਦੂਜਿਆਂ ਲਈ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਜੀਵਨ ਦਾ ਮਿਸ਼ਨ ਹੀ ਸੇਵਾ ਹੈ। ਇਸ ਮੌਕੇ ਸੰਘ ਮੁਖੀ ਮੋਹਨ ਭਾਗਵਤ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨੀਵਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਹਾਜ਼ਰ ਸਨ।
#ModiOnRSS #IndianCulture #RSS #BharatiyaSabhyachar #NationFirst
Posted By:

Leave a Reply