ਦੁਕਾਨਦਾਰ ਨੂੰ ਫਿਰੌਤੀ ਲਈ ਧਮਕਾਉਣ ਵਾਲੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਾਸ਼, ਤਿੰਨ ਮੁਲਜ਼ਮ ਗ੍ਰਿਫਤਾਰ, ਪਿਸਟਲ, ਮੈਗਜ਼ੀਨ, ਰੌਂਦ ਤੇ ਕਾਰ ਬਰਾਮਦ
- ਪੰਜਾਬ
- 20 Dec,2024

ਵਲਟੋਹਾ : ਵਿਦੇਸ਼ ਵਿਚ ਬੈਠੇ ਆਪਣੇ ਰਿਸ਼ਤੇਦਾਰ ਕੋਲੋਂ ਦੁਕਾਨਦਾਰ ਨੂੰ ਫੋਨ ਕਰਵਾ ਕੇ ਫਿਰੌਤੀ ਮੰਗਣ ਵਾਲੇ ਪੰਜ ਮੈਂਬਰੀ ਗਰੋਹ ਦੇ ਖਿਲਾਫ ਥਾਣਾ ਵਲਟੋਹਾ ਦੀ ਪੁਲਿਸ ਨੇ ਕੇਸ ਦਰਜ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ ਹੈ। ਜਦੋਕਿ ਦੋ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਇਕ ਪਿਸਟਲ ਸਣੇ ਮੈਗਜ਼ੀਨ, ਤਿੰਨ ਕਾਰਤੂਸ ਅਤੇ ਵਾਰਦਾਤ ਸਮੇਂ ਵਰਤੀ ਸਵਿਫਟ ਕਾਰ ਵੀ ਬਰਾਮਦ ਕਰ ਲਈ ਗਈ ਹੈ। ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਬਲਜਿੰਦਰ ਸਿੰਘ ਉਰਫ ਬਬਲੂ ਪੁੱਤਰ ਸੁਖਜਿੰਦਰ ਸਿੰਘ ਵਾਸੀ ਵਲਟੋਹਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਮੋਬਾਈਲ ਟੈਲੀਕਮ ਦੀ ਦੁਕਾਨ ਕਰਦਾ ਹੈ। ਲੰਘੀ 26 ਨਵੰਬਰ ਨੂੰ ਉਸ ਨੂੰ ਅਣਪਛਾਤੇ ਵਿਅਕਤੀ ਨੇ ਵਟਸਐੱਪ ਉੱਪਰ ਕਾਲ ਕਰਕੇ ਉਸ ਕੋਲੋਂ 20 ਲੱਖ ਰੁਪਏ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਪਰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਬਾਅਦ ਵਿਚ 30 ਨਵੰਬਰ ਨੂੰ ਜਦੋਂ ਆਪਣੀ ਦੁਕਾਨ ਉੱਪਰ ਸਫਾਈ ਕਰ ਰਿਹਾ ਸੀ ਤਾਂ ਸਵੇਰੇ ਕਰੀਬ ਸਵਾ 7 ਵਜੇ ਸਵਿਫਟ ਕਾਰ ਵਿਚ ਕੁਝ ਲੋਕ ਸਵਾਰ ਹੋ ਕੇ ਆਏ ਅਤੇ ਉਸ ਦੀ ਦੁਕਾਨ ਉੱਤੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਡੀਐੱਸਪੀ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਇੰਸਪੈਕਟਰ ਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਵੱਲੋਂ ਉਸ ਸਮੇਂ ਕੇਸ ਦਰਜ ਕਰਦਿਆਂ ਮੁਲਜ਼ਮਾਂ ਦੀ ਭਾਲ ਕੀਤੀ ਗਈ ਅਤੇ ਇਸ ਕੇਸ ਵਿਚ ਲੋੜੀਂਦੇ ਬਲਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਜੁਗਰਾਜ ਸਿੰਘ ਵਾਸੀ ਜੰਡ ਨੂੰ ਵਾਰਦਾਤ ਸਮੇਂ ਵਰਤੀ ਗਈ ਸਵਿਫਟ ਕਾਰ ਸਮੇਤ ਗ੍ਰਿਫਤਾਰ ਕਰ ਲਿਆ। ਜਦੋਂਕਿ ਬਾਅਦ ਵਿਚ 17 ਦਸੰਬਰ ਨੂੰ ਗੁਰਪਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੰਡ ਨੂੰ ਇਕ ਪਿਸਟਲ 32 ਬੋਰ ਦੇਸੀ, ਸਮੇਤ ਮੈਗਜੀਨ ਅਤੇ ਤਿੰਨ ਰੌਂਦ ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਸ ਵਿਚ ਨਾਮਜਦ ਤੀਸਰੇ ਮੁਲਜਮ ਪ੍ਰੀਤਮ ਸਿੰਘ ਪੁੱਤਰ ਸੁਖਜਿੰਦਰ ਸਿੰਘ ਨਿਵਾਸੀ ਮਾਣੇਕੇ ਨੂੰ ਵੀ 18 ਦਸੰਬਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਦੋਕਿ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜੰਡ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਇਸ ਕੇਸ ਵਿਚ ਮੁੱਖ ਮੁਲਜਮ ਅੰਮ੍ਰਿਤ ਪਾਲ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਦਾਰੇਵਾਲ ਜ਼ਿਲ੍ਹਾ ਕਪੂਰਥਲਾ ਜੋ ਕਿ ਪੁਰਤਗਾਲ ਵਿਚ ਬੈਠਾ ਹੋਇਆ ਹੈ, ਨੂੰ ਵੀ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਵਿਸ਼ੇਸ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਬਾਕੀ ਮੁਲਜ਼ਮਾਂ ਦੀ ਵੀ ਗ੍ਰਿਫਤਾਰੀ ਕਰ ਲਈ ਜਾਵੇਗੀ।
Posted By:

Leave a Reply