ਸ਼ਾਇਰੀ ਨਾਲ ਹੀ ਕੀਲ ਲੈਂਦੇ ਸਨ ਮਰਹੂਮ ਡਾ. ਮਨਮੋਹਨ ਸਿੰਘ

ਸ਼ਾਇਰੀ ਨਾਲ ਹੀ ਕੀਲ ਲੈਂਦੇ ਸਨ ਮਰਹੂਮ ਡਾ. ਮਨਮੋਹਨ ਸਿੰਘ

ਨਵੀਂ ਦਿੱਲੀ - ਜਦੋਂ ਡਾ. ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਸੁਸ਼ਮਾ ਸਵਰਾਜ ਲੋਕ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਸਨ। ਇਸ ਦੌਰਾਨ ਦੋਵਾਂ ਨੇ ਸੰਸਦ ’ਚ ਅਪਣੇ ਸੰਬੋਧਨ ਦੌਰਾਨ ਖ਼ੂਬ ਸ਼ਾਇਰੀ ਕੀਤੀ ਸੀ। ਮਾਰਚ 2011 ’ਚ ਵਿਕੀਲੀਕਸ ਨੂੰ ਲੈ ਕੇ ਸੰਸਦ ’ਚ  ਬਹੁਤ ਹੰਗਾਮਾ ਹੋਇਆ ਸੀ। ਮਨਮੋਹਨ ਸਿੰਘ ਨੂੰ ਸ਼ਾਇਰੀ ਦਾ ਬਹੁਤ ਸ਼ੌਕ ਸੀ। ਮਨਮੋਹਨ ਸਿੰਘ ਭਾਵੇਂ ਘੱਟ ਬੋਲਦੇ ਸਨ ਪਰ ਜਦੋਂ ਬੋਲਦੇ ਸੀ ਤਾਂ ਉਨ੍ਹਾਂ ਦੇ ਹਰ ਸ਼ਬਦ ਦੇ ਮਾਅਨੇ ਹੁੰਦੇ ਸਨ। ਮਨਮੋਹਨ ਸਿੰਘ ਨੇ ਪਾਰਲੀਮੈਂਟ ’ਚ ਜਦੋਂ ਵੀ ਸੰਬੋਧਨ ਕਰਦੇ ਸੀ ਤਾਂ ਉਸ ਵਿਚ ਸ਼ਾਇਰੀ ਜ਼ਰੂਰ ਹੁੰਦੀ ਸੀ। ਵਿਰੋਧੀਆਂ ਨੂੰ ਜਵਾਬ ਦੇਣ ਲਈ ਡਾ. ਸਿੰਘ ਨੇ ਸ਼ਾਇਰੀ ਦੀ ਵਰਤੋਂ ਕਰਦੇ ਸਨ। ਉਸ ਸਮੇਂ ਦੀ ਲੋਕ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਅਤੇ ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨਾਲ ਉਨ੍ਹਾਂ ਦੀ ਸ਼ਾਇਰੀ ’ਤੇ ਕਾਫ਼ੀ ਜੁਗਲਬੰਦੀ ਹੁੰਦੀ ਸੀ। ਇਹ ਉਹ ਦੌਰ ਸੀ ਜਦੋਂ ਅੱਜ ਵਾਂਗ ਸੰਸਦ ’ਚ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦਰਮਿਆਨ ਤਲਵਾਰਾਂ ਨਹੀਂ ਸਨ ਚੱਲਦੀਆਂ। ਮਨਮੋਹਨ ਦੀ ਸ਼ਾਇਰੀ ਦੀ ਦੋਹਾਂ ਪਾਸਿਉਂ ਖ਼ੂਬ ਤਾਰੀਫ਼ ਹੁੰਦੀ ਸੀ। ਕਾਂਗਰਸ ’ਤੇ 2008 ਦੇ ਭਰੋਸੇ ਦੇ ਵੋਟ ਦੌਰਾਨ ਸੰਸਦ ਮੈਂਬਰਾਂ ਨੂੰ ਰਿਸ਼ਵਤ ਦੇਣ ਦਾ ਦੋਸ਼ ਸੀ। ਇਸ ’ਤੇ ਸੁਸ਼ਮਾ ਸਵਰਾਜ ਨੇ ਡਾ. ਸਿੰਘ ’ਤੇ ਹਮਲਾ ਬੋਲਦਿਆਂ ਸ਼ਹਾਬ ਜਾਫ਼ਰੀ ਦੀਆਂ ਲਾਈਨਾਂ ਪੜ੍ਹੀਆਂ। ‘ਤੂ ਇਧਰ ਊਧਰ ਕੀ ਬਾਤ ਮਤ ਕਰ, ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ, ਹਮੇਂ ਰਹਿਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।’ ਡਾ. ਮਨਮੋਹਨ ਸਿੰਘ ਨੇ ਵੀ ਸੁਸ਼ਮਾ ਦੇ ਦੋਸ਼ਾਂ ’ਤੇ ਸ਼ਾਇਰੀ ਨਾਲ ਹੀ ਜਵਾਬ ਦਿਤਾ। ਉਨ੍ਹਾਂ ਅੱਲਾਮਾ ਇਕਬਾਲ ਦੀਆਂ ਲਾਈਨਾਂ ਪੜ੍ਹਦੇ ਹੋਏ ਕਿਹਾ, ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ ਮੈਂ, ਤੂ ਮੇਰਾ ਸ਼ੌਕ ਦੇਖ ਮੇਰਾ ਇੰਤਜ਼ਾਰ ਦੇਖ। ਦੋਵਾਂ ਨੇਤਾਵਾਂ ਵਿਚਾਲੇ ਇਕ ਹੋਰ ਮੌਕਾ 2013 ’ਚ ਆਇਆ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧਨਵਾਦ ਦੇ ਮਤੇ ’ਤੇ ਚਰਚਾ ਕਰਦਿਆਂ ਦੋਵਾਂ ਨੇਤਾਵਾਂ ਨੇ ਸ਼ਾਇਰੀ ਦੀ ਵਰਤੋਂ ਕੀਤੀ। ਮਿਰਜ਼ਾ ਗ਼ਾਲਿਬ ਦੀ ਸ਼ਾਇਰੀ ਦੀ ਵਰਤੋਂ ਕਰਦਿਆਂ ਡਾ. ਸਿੰਘ ਨੇ ਕਿਹਾ- ਹਮੇਂ ਉਨਸੇ ਵਫ਼ਾ ਕੀ ਉਮੀਦ ਹੈ, ਜੋ ਨਹੀਂ ਜਾਨਤੇ ਕਿ ਵਫ਼ਾ ਕਯਾ ਹੈ। ਇਸ ਦਾ ਜਵਾਬ ਸੁਸ਼ਮਾ ਸਵਰਾਜ ਨੇ ਦੋ ਸ਼ਾਇਰੀਆਂ ਨਾਲ ਦਿੱਤਾ। ਪਹਿਲਾ ਬਸ਼ੀਰ ਬਦਰ ਦਾ ਸੀ - ਕੁਛ ਤੋਂ ਮਜਬੂਰੀਆਂ ਰਹੀ ਹੋਂਗੀ, ਯੂੰ ਹੀ ਕੋਈ ਬੇਵਫ਼ਾ ਨਹੀਂ ਹੋਤਾ। ਦੂਸਰਾ ਸ਼ੇਅਰ ਪੜ੍ਹਦੇ ਹੋਏ, ਉਨ੍ਹਾਂ ਕਿਹਾ - ਤੁਮਹੇ ਵਫ਼ਾ ਯਾਦ ਨਹੀਂ, ਹਮੇਂ ਜਫ਼ਾ ਯਾਦ ਨਹੀਂ। ਜ਼ਿੰਦਗੀ ਔਰ ਮੌਤ ਕੇ ਦੋ ਹੀ ਤਰਾਨੇ ਹੈਂ, ਏਕ ਤੁਮਹੇ ਯਾਦ ਨਹੀਂ, ਏਕ ਹਮੇਂ ਯਾਦ ਨਹੀਂ।