ਮੈਂ ਪੈਨਸ਼ਨਰ ਹਾਂ ਅਤੇ ਪੈਨਸ਼ਨਰਾਂ ਨਾਲ ਹਮੇਸ਼ਾ ਖੜਾਂਗਾ : ਪ੍ਰਿੰਸੀਪਲ ਬੁੱਧ ਰਾਮ

ਮੈਂ ਪੈਨਸ਼ਨਰ ਹਾਂ ਅਤੇ ਪੈਨਸ਼ਨਰਾਂ ਨਾਲ ਹਮੇਸ਼ਾ ਖੜਾਂਗਾ : ਪ੍ਰਿੰਸੀਪਲ ਬੁੱਧ ਰਾਮ

ਬਰੇਟਾ : ਬਰੇਟਾ ਦੀ ਅੱਗਰਵਾਲ ਧਰਮਸ਼ਾਲਾ ਵਿਖੇ ਪੈਨਸ਼ਨਰ ਵੈੱਲਫ਼ਅਰ ਐਸੋਸੀਏਸ਼ਨ ਬਰੇਟਾ ਵੱਲੋਂ ਸਾਲਾਨਾ ਪੈਨਸ਼ਨਰ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਸਮਾਗਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਮੇਲਾ ਸਿੰਘ ਮੰਡੇਰ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਮਾਗਮ ਦੀ ਸਾਰਥਿਕਤਾ ਬਾਰੇ ਚਾਨਣਾ ਪਾਇਆ। ਇਸ ਸਮਾਗਮ ਵਿੱਚ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਬਤੌਰ ਪੈਨਸ਼ਨਰ ਸਾਰੇ ਪੈਨਸ਼ਨਰਾਂ ਨਾਲ ਇਕਜੁਟਤਾ ਪ੍ਰਗਟ ਕਰਦੇ ਹੋਏ ਹਰ ਦੁੱਖ ਸੁਖ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ। ਐਸੋਸੀਏਸ਼ਨ ਦੀ ਮੰਗ ਅਨੁਸਾਰ ਉਨ੍ਹਾਂ ਨੇ ਪੈਨਸ਼ਨਰ ਭਵਨ ਲਈ ਜਗ੍ਹਾ ਦਿਵਾਉਣ ਦੇ ਨਾਲ ਨਾਲ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮਹਿਮਾਨ ਐਸਬੀਆਈ ਬ੍ਰਾਂਚ ਬਰੇਟਾ ਦੇ ਚੀਫ਼ ਮੈਨੇਜ਼ਰ ਅਮਿਤ ਸ਼ਰਮਾ ਨੇ ਬੈਂਕ ਨਾਲ ਸਬੰਧਤ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਚਨ ਦਿੱਤਾ। ਇਸ ਮੌਕੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕਾਰ ਜਗਦੀਸ ਕੁਲਰੀਆਂ, ਸਟੇਟ ਐਵਾਰਡੀ ਅਧਿਆਪਕ ਮਹਿੰਦਰਪਾਲ ਮਿੰਦਾ, ਆਰਚਰੀ ਕੋਚ ਸੁਮਨ ਬਾਲਾ, ਜੇ ਈ ਮੇਨ ਵਿੱਚੋਂ ਪੰਜਾਬ ਭਰ ਚੋਂ ਅੱਵਲ ਰਹੇ ਨਮਿਸ਼ ਬਾਂਸਲ, ਸਾਹਿਤਕਾਰ ਅਜ਼ੀਜ ਸਰੋਏ ਅਤੇ ਪੂਰਨ ਚੰਦ ਨੂੰ ਵਿਸ਼ੇਸ਼ ਤੌਰ ਤੇ ਸਨਮਾਮਿਤ ਕੀਤਾ ਗਿਆ। ਇਸ ਮਹੀਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਵੀ ਸਨਮਾਨ ਦਿੱਤਾ ਗਿਆ। ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਰੇਟਾ, ਦਸੌਂਧਾ ਸਿੰਘ ਬਹਾਦਰਪੁਰ, ਮੈਡਮ ਕੁਸਮ ਲਤਾ, ਜਲਾਵਰ ਸਿੰਘ ਚਹਿਲ, ਸਰਦੂਲ ਸਿੰਘ ਚਹਿਲ, ਰਘਵੀਰ ਗੁਡੂ, ਜਗਮੇਲ ਸਿੰਘ ਖੱਤਰੀ ਵਾਲਾ, ਮੀਤ ਪ੍ਰਧਾਨ ਜੌਹਰੀ ਲਾਲ ਨੇ ਜੱਥੇਬੰਦੀ ਅਤੇ ਪੈਨਸ਼ਨਰ ਦਿਵਸ ਸਬੰਧੀ ਵਿਚਾਰ ਪ੍ਰਗਟ ਕੀਤੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਬਰੇਟਾ ਨੇ ਬਾਖੂਬੀ ਨਿਭਾਈ।