ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਧਮਕੀ

ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਧਮਕੀ
ਵਿਨੀਪੈਗ : ਪ੍ਰਧਾਨ  ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡਾ ਦੇ ਵੱਖ-ਵੱਖ ਸੂਬਿਆਂ  ਦੇ ਮੁੱਖ ਮੰਤਰੀਆਂ (Premiers) ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਫੈਡਰਲ ਸਰਕਾਰ ਦੀ ਯੋਜਨਾ ਬਾਰੇ ‘ਸੰਖੇਪ ਜਾਣਕਾਰੀ’ ਸਾਂਝੀ ਕੀਤੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਮੁਤਾਬਕ ਟੈਰਿਫ਼ ‘ਤੇ ਸੰਭਾਵਿਤ ਪ੍ਰਤੀਕ੍ਰਿਆਵਾਂ ‘ਤੇ ਚਰਚਾ ਕੀਤੀ।

ਪਬਲਿਕ ਸੇਫ਼ਟੀ ਮੰਤਰੀ ਡੋਮਿਨਿਕ ਲੇਬਲਾਂਕ ਨੇ ਓਟਵਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਸਰਹੱਦੀ ਯੋਜਨਾ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਬੈਠਕ ਦੌਰਾਨ ਪ੍ਰੀਮੀਅਰਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ  ਕੈਨੇਡੀਅਨਾਂ ਨਾਲ ਵੇਰਵੇ ਸਾਂਝੇ ਕੀਤੇ ਜਾਣਗੇ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਅਸੀਂ ਪ੍ਰੀਮੀਅਰਾਂ ਨਾਲ ਸਰਹੱਦੀ ਯੋਜਨਾ ਦੇ ਵੇਰਵੇ ਸਾਂਝੇ ਕੀਤੇ ਅਤੇ ਹਾਂਪੱਖੀ ਫੀਡ ਬੈਕ ਮਿਲਿਆ। ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ (Doug Ford) ਦਾ ਕਹਿਣਾ ਹੈ ਕਿ ਜੇ ਡਨਲਡ ਟਰੰਪ (President Donald Trump) ਕੈਨੇਡੀਅਨ ਵਸਤਾਂ ‘ਤੇ ਭਾਰੀ ਟੈਕਸ ਲਾਉਣ ਦੀ ਧਮਕੀ ਨੂੰ ਅਮਲ ਵਿਚ ਲਿਆਂਦੇ ਹਨ ਤਾਂ ਓਂਟਾਰੀਓ ਅਮਰੀਕਾ ਲਈ ਬਿਜਲੀ ਸਪਲਾਈ ਬੰਦ ਕਰ ਸਕਦਾ ਹੈ। ਫੋਰਡ ਨੇ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਉਨ੍ਹਾਂ ਵਸਤੂਆਂ ਦੀ ਸੂਚੀ ਤਿਆਰ ਕਰਨਗੇ ਜਿਨ੍ਹਾਂ ‘ਤੇ ਕੈਨੇਡਾ ਜਵਾਬੀ ਟੈਰਿਫ਼ ਲਗਾ ਸਕਦਾ ਹੈ ਅਤੇ ਓਂਟਾਰੀਓ ਸਰਕਾਰ ਵੀ ਅਜਿਹੀ ਸੂਚੀ ਤਿਆਰ ਕਰੇਗੀ। ਉਂਝ ਇਸ ਮਾਮਲੇ ਉਤੇ ਫੋਰਡ ਉਦੋਂ ਇਕੱਲੇ ਪੈਂਦੇ ਨਜ਼ਰ ਆਏ ਜਦੋਂ ਮੁਲਕ ਦੇ ਬਾਕੀ ਬਿਜਲੀ ਉਤਪਾਦਕ ਸੂਬਿਆਂ ਨੇ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਇਸ ਨੂੰ ਫੋਰਡ ਦੀ ਨਿਜੀ ਸੋਚ ਕਰਾਰ ਦਿੱਤਾ।

ਅਸੀਂ ਕਿਸ ਹੱਦ ਤੱਕ ਜਾਵਾਂਗੇ ਇਹ ਨਿਰਭਰ ਕਰਦਾ ਹੈ ਕਿ ਉਹ  ਕਿੱਥੇ ਤੱਕ ਜਾਂਦਾ ਹੈ। ਅਸੀਂ ਉਨ੍ਹਾਂ ਦੀ ਬਿਜਲੀ ਨੂੰ ਕੱਟਣ ਦੀ ਹੱਦ ਤੱਕ  ਜਾਵਾਂਗੇ। ਡਗ ਫੋਰਡ ਨੇ ਦਲੀਲ ਦਿੱਤੀ ਕਿ ਉਹ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਹੋਵੇ ਪਰ ਉਨ੍ਹਾਂ ਦਾ ਪਹਿਲਾ ਫ਼ਰਜ਼ ਓਂਟਾਰੀਓ ਵਾਸੀਆਂ ਅਤੇ ਕੈਨੇਡੀਅਨਾਂ ਦੀ ਹਿਫ਼ਾਜ਼ਤ ਕਰਨਾ ਹੈ। ਓਂਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ।