ਭਾਰਤ-ਪਾਕਿ 'ਚ ਤਣਾਅਪੂਰਨ ਹਾਲਾਤ ਮੌਕੇ ਸ਼੍ਰੋਮਣੀ ਕਮੇਟੀ ਨੇ ਸਰਾਵਾਂ ਤੇ ਸਕੂਲ ਕਾਲਜ ਰਿਹਾਇਸ਼ ਲਈ ਖੋਲ੍ਹੇ
- ਪੰਜਾਬ
- 10 May,2025

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਵਿਚ ਬਣੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਹੱਦੀ ਇਲਾਕਿਆਂ ਵਿਚੋਂ ਉਠਾਏ ਜਾ ਰਹੇ ਲੋਕਾਂ ਦੇ ਰਹਿਣ ਲਈ ਜਿਥੇ ਗੁਰਦੁਆਰਾ ਸਾਹਿਬਾਨ ਅੰਦਰ ਸਰਾਵਾਂ ਦੇਣ ਦੀ ਪਹਿਲਕਦਮੀ ਕੀਤੀ ਸੀ, ਉਥੇ ਹੁਣ ਸੰਸਥਾ ਦੇ ਪ੍ਰਬੰਧ ਵਾਲੇ ਸਕੂਲ ਕਾਲਜ ਵੀ ਰਹਾਇਸ਼ ਲਈ ਖੋਲ੍ਹ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇੇ ਕਿਹਾ ਕਿ ਖਿੱਤੇ ਅੰਦਰ ਬਣੇ ਤਲਖ਼ ਹਾਲਾਤਾਂ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਵਿਖੇ ਰਹਿਣ ਲਈ ਸਰਾਵਾਂ ਅਤੇ ਲੰਗਰ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿਚ ਵਾਧਾ ਕਰਦਿਆਂ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲ ਅਤੇ ਕਾਲਜਾਂ ਵਿਚ ਵੀ ਰਹਾਇਸ਼ ਦੇ ਪ੍ਰਬੰਧ ਕੀਤੇ ਗਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਮੁਸੀਬਤ ਸਮੇਂ ਮਨੁੱਖਤਾ ਦੇ ਨਾਲ ਖੜ੍ਹੀ ਹੈ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਲਈ ਕਾਰਜਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਸੰਸਥਾਵਾਂ ਨੂੰ ਲੋੜਵੰਦਾਂ ਲਈ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਅਨੁਸਾਰ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਨ ਜਾਂ ਸਕੂਲ ਕਾਲਜਾਂ ਵਿਚ ਸੰਪਰਕ ਕਰਨ।
#IndiaPakistanTensions #SGPCRelief #BorderSupport #HumanitarianAid #CommunityService #SikhReliefWork #GurdwaraSeva #SGPCInitiative #BorderTensions
Posted By:

Leave a Reply