ਖ਼ੁਦ ਨੂੰ ਡਿਜ਼ੀਟਲ ਤੌਰ ’ਤੇ ਸੁਰੱਖਿਅਤ ਰੱਖਣ ਲਈ ਕੀਤਾ ਜਾਗਰੂਕ

ਖ਼ੁਦ ਨੂੰ ਡਿਜ਼ੀਟਲ ਤੌਰ ’ਤੇ ਸੁਰੱਖਿਅਤ ਰੱਖਣ ਲਈ ਕੀਤਾ ਜਾਗਰੂਕ

ਬਰਨਾਲਾ : 11 ਫ਼ਰਵਰੀ ਨੂੰ ਸੁਰੱਖਿਅਤ ਇੰਟਰਨੈੱਟ ਦਿਨ ਵਜੋਂ ਮਨਾਉਂਦਿਆਂ ਰਾਸ਼ਟਰੀ ਸੂਚਨਾ ਤੇ ਵਿਗਿਆਨ ਦਫ਼ਤਰ ਵੱਲੋਂ ਸੁਰੱਖਿਅਤ ਤਰੀਕੇ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਜਾਗਰੂਕਤਾ ਲੈਕਚਰ ਕਰਵਾਏ ਗਏ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ (ਲੜਕੇ) ਬਰਨਾਲਾ ਵਿਖੇ ਜਾਗਰੂਕਤਾ ਲੈਕਚਰ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫਸਰ ਜੋਨੀ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ਚ ਜਿੱਥੇ ਮੋਬਾਈਲ ਫੋਨ ਇਕ ਲੋੜ ਬਣ ਚੁੱਕੀ ਹੈ ਉੱਥੇ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਸ ਦੀ ਵਰਤੋਂ ਸਮਝਦਾਰੀ ਤੇ ਸੰਜਮ ਨਾਲ ਕਰੀਏ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੇ ਸ਼ੱਕੀ ਲਿੰਕ ’ਤੇ ਕਲਿਕ ਨਹੀਂ ਕਰਨਾ ਚਾਹੀਦਾ ਤੇ ਕਿਸੇ ਵੀ ਮੋਬਾਈਲ ਐਪ ਨੂੰ ਇੰਸਟਾਲ ਕਰਦੇ ਸਮੇਂ ਬੇਲੋੜੀਆਂ ਪਰਮਿਸ਼ਨਾਂ ਦੀ ਆਗਿਆ ਨਾ ਦਿੱਤੀ ਜਾਵੇ। ਕਿਸੇ ਵੀ ਮਾਧਿਅਮ ਰਾਹੀਂ ਅਣਜਾਣ ਨੰਬਰਾਂ ਤੋਂ ਪ੍ਰਾਪਤ ਹੋਣ ਵਾਲੀ .apk ਫਾਈਲ ਨੂੰ ਇੰਸਟਾਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਓਟੀਪੀ, ਆਧਾਰ, ਪੈਨ ਜਾਂ ਬੈਂਕ ਖਾਤਿਆਂ ਦੇ ਵੇਰਵੇ ਕਿਸੇ ਅਣਜਾਣ ਨੰਬਰਾਂ ਉੱਤੇ ਬਿਲਕੁਲ ਵੀ ਸਾਂਝੇ ਨਾ ਕੀਤੇ ਜਾਣ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਆਪਣੀ ਨਿੱਜੀ ਜਾਣਕਾਰੀ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਨਾ ਪਾਉਣ ਤੇ ਨਾ ਹੀ ਸਾਂਝੀ ਕਰਨ। ਉਨ੍ਹਾਂ ਬੱਚਿਆਂ ਨੂੰ ਸਮਝਾਇਆ ਕਿ ਉਹ ਕਿਸੇ ਵੀ ਕਿਸਮ ਦੇ ਅਣਜਾਣ ਵਿਅਕਤੀ ਦੀਆਂ ਗੱਲਾਂ ’ਚ ਆ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਕੋਈ ਨਿੱਜੀ ਜਾਣਕਾਰੀ ਜਿਵੇਂ ਕਿ ਬੈਂਕ ਖਾਤੇ ਦੀ ਡਿਟੇਲ, ਓਟੀਪੀ, ਪੈਨ ਕਾਰਡ ਨੰ., ਏ.ਟੀ.ਐੱਮ. ਦਾ ਪਿੰਨ ਤੇ ਪਰਸਨਲ ਫੋਟੋਆਂ ਆਦਿ ਸਾਝੀਆਂ ਨਾ ਕਰਨ। ਇਸ ਮੌਕੇ ਸਹਾਇਕ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫਸਰ ਮੰਜੂ ਪੰਵਾਰ, ਕੰਪਿਊਟਰ ਅਧਿਆਪਕ ਤਜਿੰਦਰ ਪਾਲ, ਜਸਵੀਰ ਸਿੰਘ ਤੇ ਐੱਨਆਈਸੀ ਸਟਾਫ ਵੀ ਹਾਜ਼ਰ ਸਨ।