ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਭੱਲਾ ਨੇ ਪਹਿਲ ਪ੍ਰਾਜੈਕਟ ਦੀ ਕਰਵਾਈ ਸ਼ੁਰੂਆਤ

ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਭੱਲਾ ਨੇ ਪਹਿਲ ਪ੍ਰਾਜੈਕਟ ਦੀ ਕਰਵਾਈ ਸ਼ੁਰੂਆਤ

ਬਠਿੰਡਾ : ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਬਾਜਕ ਵਿਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਅੱਜ ਪਹਿਲ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਬਠਿੰਡਾ ਕੈਮੀਕਲ ਇੰਡਸਟਰੀ ਦੇ ਮਾਲਕ ਰਾਜਿੰਦਰ ਮਿੱਤਲ ਵਿਸ਼ੇਸ਼ ਤੌਰ ’ਤੇ ਪੁੱਜੇ। 

ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਖਿਆ ਕਿ ਪੰਜਾਬ ਸਰਕਾਰ ਮਹਿਲਾਵਾਂ ਨੂੰ ਆਪਣੇ ਪੈਰਾਂ ’ਤੇ ਖੜਾ ਕਰਨ ਲਈ ਅਜਿਹੇ ਪ੍ਰੋਜੈਕਟ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲ ਪ੍ਰੋਜੈਕਟ ਨਾਲ ਔਰਤਾਂ ਨੂੰ ਸਵੈ ਰੁਜ਼ਗਾਰ ਮਿਲੇਗਾ ਅਤੇ ਉਹ ਆਪਣੇ ਘਰ ਦੀ ਆਮਦਨ ਵਿਚ ਵਾਧਾ ਕਰ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਬੁਲਾਡੇਵਾਲਾ ਅਤੇ ਪਿੰਡ ਸਿਵੀਆਂ ਵਿਚ ਵੀ ਪਹਿਲ ਪ੍ਰੋਜੈਕਟ ਸਫਲਤਾਪੂਰਵਕ ਚੱਲ ਰਹੇ ਹਨ, ਜਿਸ ਵਿਚ ਸੈਂਕੜੇ ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ ਹੈ।

 ਉਨ੍ਹਾਂ ਕਿਹਾ ਕਿ ਹੁਣ ਚੇਅਰਮੈਨ ਜਤਿੰਦਰ ਭੱਲਾ ਦੇ ਯਤਨਾਂ ਸਦਕਾ ਪਿੰਡ ਬਾਜਕ ਵਿਚ ਵੀ ਪਹਿਲ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਆਖਿਆ ਕਿ ਪਹਿਲ ਪ੍ਰੋਜੈਕਟ ਤਹਿਤ ਪਿੰਡ ਦੀਆਂ ਮਹਿਲਾਵਾਂ ਸਰਕਾਰੀ ਸਕੂਲਾਂ ਤੇ ਵਿਦਿਆਰਥੀਆਂ ਦੀਆਂ ਵਰਦੀਆਂ ਦੀ ਸਿਲਾਈ ਕਰਨਗੀਆਂ। ਉਨ੍ਹਾਂ ਦੱਸਿਆ ਕਿ ਪਹਿਲ ਪ੍ਰੋਜੈਕਟ ਵਿਚ ਪਿੰਡ ਬਾਜਕ ਦੀਆਂ 60 ਔਰਤਾਂ ਨੂੰ ਰੁਜ਼ਗਾਰ ਮਿਲਿਆ ਹੈ। 

ਉਨ੍ਹਾਂ ਦੱਸਿਆ ਕਿ ਵਰਦੀਆਂ ਦੀ ਸਲਾਈ ਲਈ ਅਤੀ ਆਧੁਨਿਕ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ। ਜਤਿੰਦਰ ਭੱਲਾ ਨੇ ਦੱਸਿਆ ਕਿ ਇਕ ਵਰਦੀ ਦੀ ਸਿਲਾਈ ਵਿੱਚੋਂ 60 ਰੁਪਏ ਦੀ ਬੱਚਤ ਹੋਵੇਗੀ ਅਤੇ ਇਕ ਔਰਤ ਇਕ ਦਿਨ ਵਿਚ 10 ਵਰਦੀਆਂ ਦੀ ਸਿਲਾਈ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਇਕ ਔਰਤ ਪਹਿਲ ਪ੍ਰੋਜੈਕਟ ਤਹਿਤ ਹਰ ਰੋਜ਼ 600 ਰੁਪਏ ਦੀ ਕਮਾਈ ਕਰੇਗੀ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਉਣ ਲਈ ਯਤਨ ਕਰ ਰਹੀ ਹੈ। ਇਸ ਮੌਕੇ ਪਿੰਡ ਬਾਜਕ ਦੇ ਨੌਜਵਾਨਾਂ ਨੇ ਵਾਲੀਬਾਲ ਦਾ ਗਰਾਊਂਡ ਬਣਾਉਣ ਅਤੇ ਪਾਰਕ ਦੀ ਚਾਰ ਦੀਵਾਰੀ ਕਰਨ ਦੀ ਮੰਗ ਰੱਖੀ, ਜਿਸਨੂੰ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਮੌਕੇ ’ਤੇ ਹੀ ਪ੍ਰਵਾਨ ਕਰ ਲਿਆ।

 ਉਨ੍ਹਾਂ ਪਿੰਡ ਦੇ ਨੌਜਵਾਨਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਸਿਵੀਆਂ ਤੇ ਬੁਲਾਡੇਵਾਲਾ ਵਿਚ ਪਹਿਲ ਪ੍ਰੋਜੈਕਟ ਚਲਾ ਰਹੀਆਂ ਔਰਤਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਬੀਡੀਪੀਓ ਜਗਸਿਮਰਨ ਸਿੰਘ, ਪ੍ਰੋਜੈਕਟ ਮੈਨੇਜਰ ਸੁਖਵਿੰਦਰ ਸਿੰਘ ਚੱਠਾ ਹਾਜ਼ਰ ਸਨ।