ਮੁਆਵਜ਼ੇ ਦੀ ਮੰਗ ਨੂੰ ਲੈ ਕੇ ਬੀਕੇਯੂ ਉਗਰਾਹਾਂ ਦਾ ਧਰਨੇ ਤੀਜੇ ਦਿਨ ਵੀ ਰਿਹਾ ਜਾਰੀ
- ਪੰਜਾਬ
- 08 Jan,2025

ਬਠਿੰਡਾ : ਚਾਰ ਦਿਨਾਂ ਤੋਂ ਕੋਠਾ ਗੁਰੂ ਬੱਸ ਹਾਦਸਾ ਦੌਰਾਨ ਸ਼ਹੀਦ ਹੋਈਆਂ ਤਿੰਨ ਔਰਤਾਂ ਅਤੇ ਦਰਜਨਾਂ ਜ਼ਖ਼ਮੀਆਂ ਦੇ ਇਲਾਜ ਤੇ ਮੁਆਵਜ਼ੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਅੱਗੇ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਭਾਰਤ ’ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੀਟਿੰਗ ਵਿਚ ਮੁਆਵਜ਼ੇ ਸਬੰਧੀ ਮਤਾ ਪਾਇਆ ਜਾ ਚੁੱਕਾ ਹੈ। ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਅੱਜ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਪ੍ਰਤੀ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਕਿ ਜਦੋਂ ਤਿੰਨ ਦਿਨਾਂ ਤੋਂ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਜਾ ਚੁੱਕੇ ਮੁਆਵਜ਼ੇ ਮੁਤਾਬਕ ਮੁਆਵਜ਼ਾ ਨਾ ਦੇ ਕੇ ਕਿਸਾਨਾਂ ਨੂੰ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਰੋਲਿਆ ਜਾ ਰਿਹਾ ਹੈ । ਸ਼ਹੀਦ ਹੋਈਆਂ ਔਰਤਾਂ ਦੀਆਂ ਲਾਸਾਂ ਹਸਪਤਾਲ ਦੇ ਮੁਰਦਾ ਘਰ ਵਿਚ ਪਈਆਂ ਹਨ। ਇਸ ਹਾਦਸੇ ਦੇ ਦੌਰਾਨ ਰੀੜ ਦੀ ਹੱਡੀ ਤੋਂ ਜ਼ਖ਼ਮੀ ਹੋਇਆ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਏਮਜ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਜ਼ਖ਼ਮੀਆਂ ਵਿੱਚੋ ਇੱਕ ਔਰਤ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋ ਚੁੱਕਿਆ ਹੈ, ਇਕ ਔਰਤ ਦੇ ਸਿਰ ਦਾ ਆਪਰੇਸ਼ਨ ਹੋਣਾ ਹੈ। ਕਈਆਂ ਦੀਆਂ ਹੱਥਾਂ ਦੀਆਂ ਉਂਗਲਾਂ ਕੱਟੀਆਂ ਗਈਆਂ, ਇਕ ਗਰੀਬ ਮਜ਼ਦੂਰ ਦੀ ਬਾਂਹ ਕੱਟੀ ਗਈ। ਇਨ੍ਹੇ ਵੱਡੇ ਦਰਦਨਾਕ ਹਾਦਸੇ ’ਚ ਵੀ ਪੰਜਾਬ ਸਰਕਾਰ ਪੀੜਤਾਂ ਦੀ ਬਾਂਹ ਨਹੀਂ ਫੜ ਰਹੀ। ਆਗੂਆਂ ਨੇ ਕਿਹਾ ਕਿ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਹੇਠ ਪੰਜਾਬ ਦੇ ਮੋਗਾ ਵਿੱਚ ਇੱਕ ਮਹਾਂਪੰਚਾਇਤ ਹੋ ਰਹੀ ਹੈ, ਜਿਸ ਕਾਰਨ ਦੋ ਦਿਨ ਸਧਾਰਨ ਧਰਨਾ ਚਲਾਉਣ ਤੋਂ ਬਾਅਦ 10 ਜਨਵਰੀ ਨੂੰ ਮੁਆਵਜ਼ਾ ਲੈਣ ਲਈ ਸਰਕਾਰ ਨਾਲ ਤਿੱਖਾ ਸੰਘਰਸ਼ ਕੀਤਾ ਜਾਵੇਗਾ।
Posted By:

Leave a Reply