ਗਿੱਦੜਬਾਹਾ ‘ਚ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ

ਗਿੱਦੜਬਾਹਾ ‘ਚ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ

ਗਿੱਦੜਬਾਹਾ : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਗਿੱਦੜਬਾਹਾ ‘ਚ ਐਸਡੀਐਮ ਦਫਤਰ ਸਾਹਮਣੇ ਕੇਂਦਰੀ ਬਜਟ 2025-26 ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ‘ਤੇ ਨਿੱਸ਼ਾਨਾ ਸਾਧਦੇ ਹੋਏ ਆਖਿਆ ਕਿ ਇਹ ਬਜਟ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗ ਵਿਰੋਧੀ ਹੈ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਤਸ਼ਾਹ ਦਿੰਦਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਕਿਯੂ ਮਾਲਵਾ, ਭਾਕਿਯੂ ਮਾਨਸਾ ਦੇ ਆਗੂਆਂ ਹਰਬੰਸ ਸਿੰਘ ਕੋਟਲੀ, ਸਾਹਿਬ ਸਿੰਘ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਨੇ ਕਿਹਾ ਕਿ ਇਸ ਬਜਟ ਵਿੱਚ ਖੇਤੀਬਾੜੀ ਖੇਤਰ ਨੂੰ ਨਜ਼ਰਅੰਦਾਜ਼ ਕਰਕੇ ਬੀਮਾ ਖੇਤਰ ਦੇ ਨਿੱਜੀਕਰਨ, ਉਦਾਰੀਕਰਨ, ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਠੋਸ ਪ੍ਰਸਤਾਵ ਰੱਖੇ ਗਏ ਹਨ।

ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ MSP ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਇਗਨੋਰ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ‘ਚ ਹਰ ਦਿਨ 31 ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਹੇ ਹਨ, ਪਰ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਕਤੀ ਲਈ ਕੋਈ ਨਵੀਂ ਯੋਜਨਾ ਨਹੀਂ ਬਣਾਈ।

ਇਸ ਮੌਕੇ ਭਾਕਿਯੂ ਮਾਲਵਾ, ਭਾਕਿਯੂ ਏਕਤਾ, ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ, ਜਿਵੇਂ ਕਿ ਰਾਜ ਸਿੰਘ, ਹਰਭਜਨ ਸਿੰਘ ਥਰਾਜਵਾਲਾ, ਹਰਮੀਤ ਸਿੰਘ ਦੌਲਾ, ਅਜੈਬ ਸਿੰਘ ਮੱਲਣ, ਜੋਗਿੰਦਰ ਸਿੰਘ ਬੁੱਟਰ, ਹਰਪਾਲ ਸਿੰਘ ਚੀਮਾ, ਅਤੇ ਬਿੱਕਰ ਸਿੰਘ ਭਲਾਈਆਣਾ ਸਮੇਤ ਵੱਡੀ ਗਿਣਤੀ ‘ਚ ਕਿਸਾਨ ਮੌਜੂਦ ਸਨ।

ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਨੂੰ ਜਾਰੀ ਰੱਖਿਆ, ਤਾਂ ਸੰਯੁਕਤ ਕਿਸਾਨ ਮੋਰਚਾ ਵੱਡਾ ਆੰਦੋਲਨ ਛੇੜੇਗਾ।

#FarmersProtest #NoFarmersNoFood #MSPGuarantee #Budget2025 #KisanEkta #ModiGovt #PunjabNews #CorporateBudget