ਦਲਿਤਾਂ ਅਤੇ ਪੇਂਡੂ ਗ਼ਰੀਬਾਂ ਮਜ਼ਦੂਰਾਂ ਦੇ ਸਾਰੇ ਕਰਜ਼ੇ ਬਿਨਾਂ ਸ਼ਰਤ ਕੀਤੇ ਜਾਣ ਮਾਫ਼ : ਹੰਸਾ ਸਿੰਘ

ਦਲਿਤਾਂ ਅਤੇ ਪੇਂਡੂ ਗ਼ਰੀਬਾਂ ਮਜ਼ਦੂਰਾਂ ਦੇ ਸਾਰੇ ਕਰਜ਼ੇ ਬਿਨਾਂ ਸ਼ਰਤ ਕੀਤੇ ਜਾਣ ਮਾਫ਼ : ਹੰਸਾ ਸਿੰਘ

ਗੁਰਦਾਸਪੁਰ : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਰੋਸ ਰੈਲੀ ਕਰ ਕੇ ਮਜ਼ਦੂਰਾਂ ਦੀਆਂ ਮੰਗਾਂ ਬਾਰੇ ਸਰਕਾਰ ਵੱਲੋਂ ਅਣਦੇਖੀ ਕਰਨ ਲਈ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ।

 ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਦੀ ਮਜ਼ਦੂਰਾਂ ਪ੍ਰਤੀ ਬੇਰੁਖੀ ਜਾਰੀ ਰਹੀ ਤਾਂ ਯੂਨੀਅਨ ਲੋਕ ਰਾਏ ਬਣਾ ਕੇ ਸਰਕਾਰ ਪ੍ਰਤੀ ਵੱਡਾ ਸੰਘਰਸ਼ ਲਾਮਬੰਦ ਕਰੇਗੀ। ਇਸ ਤੋਂ ਬਾਅਦ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। 

ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸਾ ਸਿੰਘ ਅਤੇ ਜਨਰਲ ਸਕੱਤਰ ਮੁਰਾਰੀ ਲਾਲ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 600 ਪ੍ਰਤੀ ਦਿਨ ਕੀਤੀ ਜਾਵੇ ਅਤੇ ਸਾਲ ਵਿੱਚ ਘੱਟੋ ਘੱਟ 250 ਦਿਨਾਂ ਦਾ ਕੰਮ ਦਿੱਤਾ ਜਾਵੇ। ਮਜ਼ਦੂਰਾਂ ਨੂੰ ਰਿਹਾਇਸ਼ ਲਈ 10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਉਸਾਰੇ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਦਲਿਤ ਔਰਤਾਂ ’ਤੇ ਹੋ ਰਹੇ ਅੱਤਿਆਚਾਰ ਬੰਦ ਕੀਤੇ ਜਾਣ। ਪਿੰਡਾਂ ਵਿੱਚ ਲਾਲ ਲਕੀਰ ਅੰਦਰ ਗਰੀਬਾਂ ਨੂੰ ਮਾਲਕੀ ਹੱਕ ਦਿੱਤੇ ਜਾਣ। 

ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ, ਧੀਰ ਸਿੰਘ,ਰਿਸ਼ੀਪਾਲ, ਨਵਤੇਜ ਸਿੰਘ, ਰੂਪ ਸਿੰਘ, ਮਨਜੀਤ ਸਿੰਘ, ਜਨਕ ਰਾਜ, ਸਾਧੂ ਰਾਮ, ਬਾਵਾ ਰਾਮ, ਪੱਪੂ, ਸੂਰਜ ਪਾਲ, ਗੁਰਬਚਨ ਸਿੰਘ, ਜਗੀਰ ਸਿੰਘ, ਸੁਭਾਸ਼ ਚੰਦਰ ਆਦਿ ਮੌਜੂਦ ਸਨ।