ਜ਼ਿਲਾ ਤਰਨ ਤਾਰਨ ਵਿੱਚ ਹੋਏ ਸਰਪੰਚ ਕਤਲ ਮਾਮਲੇ ਦਾ ਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ
- ਪੰਜਾਬ
- 21 Apr,2025

ਚੰਡੀਗੜ੍ਹ/ਤਰਨ ਤਾਰਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਤਰਨ ਤਾਰਨ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਪੰਚ ਬਚਿੱਤਰ ਸਿੰਘ ਉਰਫ਼ ਬਿੱਕਰ ਦੇ ਕਤਲ ਦੇ ਘਿਨਾਉਣੇ ਕੇਸ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਦੋਸ਼ੀ ਦੀ ਪਛਾਣ ਸੁਖਬੀਰ ਸਿੰਘ ਉਰਫ਼ ਸੁੱਖ ਵਾਸੀ ਬਰਵਾਲਾ , ਤਰਨਤਾਰਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, 12 ਸਤੰਬਰ, 2024 ਨੂੰ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸਰਪੰਚ ਬਚਿੱਤਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਵਿਅਕਤੀ ਸੁਖਬੀਰ ਸਿੰਘ ਇੱਕ ਜ਼ੁਰਾਇਮ-ਪੇਸ਼ਾ ਮੁਜਰਿਮ ਹੈ ,ਜਿਸ ਵਿਰੁੱਧ ਐਨਡੀਪੀਐਸ ਐਕਟ, ਆਰਮਜ਼ ਐਕਟ ਦੇ ਕੇਸਾਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਕਿਹਾ ਕਿ ਉਸ ਦੇ ਸਾਥੀਆਂ ਦੀ ਪਛਾਣ ਕਰਨ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦੀ ਹੋਰ ਬਾਰੀਕਬੀਨੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਅਤੇ ਐਸਐਸਪੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਤਰਨਤਾਰਨ ਪੁਲਿਸ ਦੀਆਂ ਟੀਮਾਂ ਜੋ ਉਕਤ ਦੋਸ਼ੀ ਦਾ ਪਿੱਛਾ ਕਰ ਰਹੀਆਂ ਸਨ , ਨੇ ਖੁਫੀਆ ਜਾਣਕਾਰੀ ’ਤੇ ਦੋਸ਼ੀ ਨੂੰ ਤਰਨਤਾਰਨ ਦੇ ਪਹੁਵਿੰਡ ਖੇਤਰ ਤੋਂ ਕਾਬੂ ਕਰ ਲਿਆ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਏਜੀਟੀਐਫ ਅਤੇ ਤਰਨਤਾਰਨ ਪੁਲਿਸ ਦੀਆਂ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ,ਦੋਸ਼ੀ ਵਿਅਕਤੀ ਦਾ ਪਿੱਛਾ ਕੀਤਾ ਅਤੇ ਪਿੰਡ ਪਹੁਵਿੰਡ ਵਿਖੇ ਗੁਰਦੁਆਰਾ ਸਾਹਿਬ ਦੇ ਨੇੜਿਓਂ ਉਸਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਪੁਲਿਸ ਟੀਮਾਂ ਨੇ ਉਸਦਾ ਕਾਲਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।
ਐਸਐਸਪੀ ਨੇ ਕਿਹਾ ਕਿ ਮੁਲਜ਼ਮ ਸੁਖਬੀਰ ਸਿੰਘ ਦੀ ਗ੍ਰਿਫ਼ਤਾਰੀ ਨਾਲ, ਤਰਨਤਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੁੱਲ ਅੱਠ ਮੁਲਜ਼ਮਾਂ ਵਿੱਚੋਂ ਸੱਤ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋਰ ਜਾਂਚ ਜਾਰੀ ਹੈ ਅਤੇ ਪੁਲਿਸ ਟੀਮਾਂ ਅਪਰਾਧ ਵਿੱਚ ਸ਼ਾਮਲ ਅੱਠਵੇਂ ਮੁਲਜ਼ਮ ਨੂੰ ਦਬੋਚਣ ਲਈ ਭਾਲ ਕਰ ਰਹੀਆਂ ਹਨ।
#TarnTaranNews #SarpanchMurderCase #PunjabPolice #CrimeInPunjab #JusticeForSarpanch #MurderAccusedArrested #LawAndOrder #PunjabUpdates
Posted By:

Leave a Reply