ਜ਼ੀਰਕਪੁਰ : ਬੀਤੇ ਦਿਨੀਂ ਢਕੌਲੀ ਦੀ ਸਬਜ਼ੀ ਮੰਡੀ ਦੇ ਨੇੜਿਓਂ ਨਗਰ ਕੌਂਸਲ ਨੇ ਸਥਾਨਕ ਵਸਨੀਕਾਂ ਦੀ ਮੰਗ ’ਤੇ ਡੰਪ ਗਰਾੳਡ ਨੂੰ ਤਬਦੀਲ ਕਰ ਦਿੱਤਾ ਹੈ। ਪਰ ਨਗਰ ਕੌਂਸਲ ਵੱਲੋਂ ਕਾਹਲੀ ਵਿਚ ਲਿਆ ਗਿਆ ਇਹ ਫ਼ੈਸਲਾ ਕੌਂਸਲ ਅਧਿਕਾਰੀਆਂ ਤੇ ਹੀ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਕੂੜਾ ਇਕੱਤਰ ਕਰਨ ਵਾਲੀ ਕੋਈ ਨਵੀਂ ਥਾਂ ਬਣਾਏ ਜਾਣ ਤੋਂ ਪਹਿਲਾਂ ਹੀ ਨਗਰ ਕੌਂਸਲ ਵੱਲੋਂ ਢਕੌਲੀ ਦਾ ਕੂੜਾ ਇਕੱਤਰ ਕਰਨ ਵਾਲਾ ਪੁਆਇੰਟ ਇੱਥੋਂ ਤਬਦੀਲ ਕਰ ਦਿੱਤਾ ਗਿਆ। ਜਿਹੜੀ ਜਗ੍ਹਾ ਦੀ ਚੋਣ ਕੂੜਾ ਇਕੱਤਰ ਕਰਨ ਲਈ ਨਗਰ ਕੌਂਸਲ ਵੱਲੋਂ ਕੀਤੀ ਗਈ ਸੀ ਉੱਥੇ ਕਿਸਾਨਾਂ ਵੱਲੋਂ ਕੂੜਾ ਨਹੀਂ ਸੁੱਟਣ ਦਿੱਤਾ ਜਾ ਰਿਹਾ ਹੈ। ਰੋਹ ਵਿਚ ਆਏ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਅੱਗੇ ਰੇਹੜੀਆਂ ਖੜ੍ਹੀਆਂ ਕਰ ਦਿੱਤੀਆਂ ਅਤੇ ਰੋਸ ਪ੍ਰਦਰਸ਼ਨ ਕੀਤਾ। ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੂੜਾ ਸੁੱਟਣ ਲਈ ਢੁਕਵੀਂ ਥਾਂ ਨਾ ਦਿੱਤੀ ਗਈ ਤਾਂ ਉਹ ਸ਼ਨਿੱਚਰਵਾਰ ਤੋਂ ਹੜਤਾਲ ਤੇ ਚਲੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਮਸ਼ੇਰ ਸਿੰਘ ਕਾਗਰਾ ਪ੍ਰਧਾਨ, ਰਜੇਸ਼, ਜੈ ਸਿੰਘ ਮਲਿਕ, ਬਜਿੰਦਰ ਸਿੰਘ, ਜਗਵਿੰਦਰ ਸਿੰਘ, ਰਵਿੰਦਰ, ਵਿਕਾਸ ਪੁਹਾਲ, ਸ਼ਿਵ ਕੁਮਾਰ ਗਾਗਟ ਅਤੇ ਸੁਰਿੰਦਰ ਤੋਂ ਇਲਾਵਾ ਹੋਰਨਾਂ ਕਰਮਚਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਸੋਮਵਾਰ ਨੂੰ ਉਨ੍ਹਾਂ ਨੂੰ ਨਗਰ ਕੌਂਸਲ ਜ਼ੀਰਕਪੁਰ ਦੇ ਸੈਨੇਟਰੀ ਇੰਸਪੈਕਟਰ ਰਾਮ ਗੋਪਾਲ ਵੱਲੋਂ ਢਕੌਲੀ ਕੂੜਾ ਪੁਆਇੰਟ ਤੇ ਕੂੜੇ ਦੀਆ ਰੇਹੜੀਆਂ ਖਾਲੀ ਨਾ ਕਰਨ ਦੀ ਬਜਾਏ ਗਾਜ਼ੀਪੁਰ ਵਿਖੇ ਨਗਰ ਕੌਂਸਲ ਦੀ ਖਾਲ੍ਹੀ ਪਈ ਜ਼ਮੀਨ ਤੇ ਖਾਲ੍ਹੀ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਦ ਉਹ ਉੱਥੇ ਰੇਹੜੀਆਂ ਖਾਲੀ ਕਰਨ ਲਈ ਪੁੱਜੇ ਤਾਂ ਉੱਥੋਂ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਕੂੜਾ ਸੁੱਟਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਜ਼ਮੀਨ ਨੰਬਰਾਂ ਵਾਲੀ ਹੈ ਅਤੇ ਉਹ ਇੱਥੇ ਕੂੜਾ ਨਹੀ ਸੁੱਟਣ ਦੇਣਗੇ। ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਢਕੌਲੀ ਵਿਖੇ ਸਥਿਤ ਸਵੈਨ ਹੋਟਲ ਦੇ ਸਾਹਮਣੇ ਆਰਜ਼ੀ ਤੌਰ ਤੇ ਟਰਾਲੀ ਖੜ੍ਹੀ ਕਰਕੇ ਉਸ ਵਿਚ ਕੂੜਾ ਇਕੱਤਰ ਕਰਨਾ ਆਰੰਭ ਕਰ ਦਿੱਤਾ ਪਰ ਵੀਰਵਾਰ ਨੂੰ ਜਿਸ ਜਗ੍ਹਾ ਤੇ ਟਰਾਲੀ ਖੜੀ ਕੀਤੀ ਗਈ ਸੀ ਉਸ ਜ਼ਮੀਨ ਦੇ ਮਾਲਕ ਨੇ ਟਰਾਲੀ ਹਟਾਉਣ ਲਈ ਕਹਿ ਦਿੱਤਾ। ਕਿਉਂਕਿ ਉਹ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ ਹੈ ਅਤੇ ਉਹ ਹਰਿਆਣਾ ਦੀ ਹੱਦ ਅੰਦਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਕਾਹਲੀ ਵਿਚ ਲਏ ਗਏ ਫ਼ੈਸਲੇ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਤੋਂ ਬਾਅਦ ਅੱਕ ਕੇ ਕਰਮਚਾਰੀ ਨਗਰ ਕੌਂਸਲ ਦਫ਼ਤਰ ਅੱਗੇ ਇਕੱਤਰ ਹੋਏ ਅਤੇ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਗਈ। ਉਨ੍ਹਾਂ ਕਿਹਾ ਕਿ ਹੁਣ ਕਰੀਬ 4-5 ਦਿਨ ਦਾ ਕੂੜਾ ਇਕੱਠਾ ਹੋ ਗਿਆ ਹੈ, ਪਰ ਉਹ ਕੂੜਾ ਸੁੱਟਣਾ ਕਿੱਥੇ ਹੈ ਉਨ੍ਹਾਂ ਨੂੰ ਵੀ ਨਹੀਂ ਪਤਾ ਹੈ। ਕੋਡਸ ’ਚ.. ਢਕੌਲੀ ਖੇਤਰ ਵਿਚ ਕੁੱਝ ਹੋਰ ਥਾਵਾਂ ਵੀ ਦੇਖੀਆਂ ਗਈਆਂ ਹਨ ਜਿੱਥੇ ਕੂੜਾ ਇਕੱਤਰ ਪੁਆਇੰਟ ਬਣਾਇਆ ਜਾ ਸਕਦਾ ਹੈ। ਜਿਸ ਲਈ ਟੀਮ ਵੱਲੋਂ ਸਰਵੇਖਣ ਕੀਤਾ ਜਾ ਰਿਹਾ ਹੈ ਜਿਸ ਵਿਚ ਕਾਰਜਸਾਧਕ ਅਫ਼ਸਰ, ਐਮਈ, ਅੇੈਸ ਡੀ ਓ ਅਤੇ ਹੋਰ ਅਧਿਕਾਰੀ ਸ਼ਾਮਿਲ ਹਨ। ਗਾਜ਼ੀਪੁਰ ਵਾਲੀ ਜ਼ਮੀਨ ਦੀ ਮਿਣਤੀ ਕਰਵਾਈ ਜਾ ਰਹੀ ਹੈ ਜੇਕਰ ਲੋੜ ਲਈ ਤਾਂ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਲਈ ਜਾਵੇਗੀ। ਸਾਡੇ ਵੱਲੋਂ ਸਾਰੀਆਂ ਚਾਰਾਜੋਈਆਂ ਮੁਕੰਮਲ ਹਨ। ਜਗ੍ਹਾ ਦੀ ਚੋਣ ਹੁੰਦੇ ਹੀ ਸ਼ੈੱਡ ਅਤੇ ਚਾਰਦੀਵਾਰੀ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਕੰਮ ਵਿਚ ਕਰੀਬ 20-25 ਦਿਨ ਲੱਗ ਸਕਦੇ ਹਨ। ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਢਕੌਲੀ ਦਾ ਗਾਰਬੇਜ ਜਿਨ੍ਹਾਂ ਨੂੰ ਪੀਮੁਛੱਲਾ ਨੇੜੇ ਪੈਂਦਾ ਹੈ ਉਹ ਪੀਰਮੁਛੱਲਾ ਵਿਖੇ ਡੰਪ ਕਰਨ ਅਤੇ ਬਾਕੀ ਦੇ ਬਿਸ਼ਨਪੁਰਾ ਵਿਖੇ ਡੰਪ ਕਰਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਕਰਮਚਾਰੀਆਂ ਦੇ ਸਹਿਯੋਗ ਦੀ ਲੋੜ ਹੈ ਅਤੇ ਕੁੱਝ ਦਿਨਾਂ ਤੱਕ ਪੱਕਾ ਡੰਪ ਤਿਆਰ ਹੋ ਜਾਵੇਗਾ ਅਤੇ ਇਹ ਮਸਲਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ। ਰਣਜੀਤ ਕੁਮਾਰ, ਸੈਨੇਟਰੀ ਇੰਸਪੈਕਟਰ, ਨਗਰ ਕੌਂਸਲ ਜ਼ੀਰਕਪੁਰ।
Leave a Reply