ਜ਼ੀਰਾ ਵਿਖੇ ਵਪਾਰਕ ਅਦਾਰੇ, ਦਫ਼ਤਰ ਤੇ ਬਾਜ਼ਾਰ ਰਹੇ ਮੁਕੰਮਲ ਬੰਦ

ਜ਼ੀਰਾ ਵਿਖੇ ਵਪਾਰਕ ਅਦਾਰੇ, ਦਫ਼ਤਰ ਤੇ ਬਾਜ਼ਾਰ ਰਹੇ ਮੁਕੰਮਲ ਬੰਦ

 ਜ਼ੀਰਾ: ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ 30 ਦਸੰਬਰ ਦੇ ਪੰਜਾਬ ਬੰਦ ਨੂੰ ਜ਼ੀਰਾ ਵਿਖੇ ਆਪੋ ਆਪਣੇ ਕੰਮ ਕਾਜ ਬੰਦ ਰੱਖ ਕੇ ਲੋਕਾਂ ਵੱਲੋਂ ਪੂਰਨ ਸਮੱਰਥਨ ਦਿੱਤਾ ਗਿਆ। ਇੱਥੋਂ ਦੇ ਰੇਲਵੇ ਰੋਡ, ਮੇਨ ਬਜ਼ਾਰ, ਜੈਨ ਮਾਰਕੀਟ, ਸ਼ਰਾਫਾ ਬਾਜ਼ਾਰ, ਤਲਵੰਡੀ ਰੋਡ ਪੁਰਾਣੀ ਅਤੇ ਨਵੀਂ ਤਲਵੰਡੀ ਰੋਡ, ਮਖੂ ਰੋਡ, ਫ਼ਿਰੋਜ਼ਪੁਰ ਰੋਡ ਆਦਿ ਸਾਰੇ ਹੀ ਭੀੜ ਭੜੱਕੇ ਵਾਲੇ ਬਜ਼ਾਰਾਂ ਅਤੇ ਸੜਕਾਂ ਵਿਖੇ ਦੁਕਾਨਾਂ ਅਤੇ ਰੇੜ੍ਹੀਆਂ-ਫ਼ੜ੍ਹੀਆਂ ਬੰਦ ਰਹਿਣ ਕਾਰਨ ਸੁੰਨਸਾਨ ਪਸਰੀ ਰਹੀ। ਇਸੇ ਤਰ੍ਹਾਂ ਜ਼ੀਰਾ ਵਿਖੇ ਸਮੂਹ ਸਰਕਾਰੀ ਦਫਤਰ, ਪੈਟਰੋਲ ਪੰਪ, ਦਾਣਾ ਮੰਡੀ ਜ਼ੀਰਾ ਦੀਆਂ ਆੜਤਾਂ ਆਦਿ ਕਿੱਤਿਆਂ ਨਾਲ ਸਬੰਧਿਤ ਲੋਕਾਂ ਵੱਲੋਂ ਆਪੋ ਆਪਣੇ ਕੰਮ ਬੰਦ ਰੱਖਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਗਏ ਇਸ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦਿੱਤਾ। ਇਸ ਦੌਰਾਨ ਸੜਕਾਂ ਉੱਪਰ ਬੱਸਾਂ ਦੀ ਆਵਾਜਾਈ ਵੀ ਨਜ਼ਰ ਨਹੀ ਆਈ ਜਦਕਿ ਪੰਜਾਬ ਰੋਡਵੇਜ਼, ਪਨ ਬੱਸਾਂ ਅਤੇ ਪੀਆਰਟੀਸੀ ਆਦਿ ਬੱਸਾਂ ਵੀ ਬੱਸ ਅੱਡੇ ਵਿੱਚ ਹੀ ਬੰਦ ਖੜ੍ਹੀਆਂ ਵੇਖੀਆਂ ਗਈਆਂ। ਇਸ ਬੰਦ ਦੇ ਚੱਲਦਿਆਂ ਜਿੱਥੇ ਰਾਹਗੀਰ ਆਪਣੇ ਪਿੰਡਾਂ ਸ਼ਹਿਰਾਂ ਨੂੰ ਜਾਣ ਲਈ ਪ੍ਰੇਸ਼ਾਨ ਹੁੰਦੇ ਵੇਖੇ ਗਏ ਉੱਥੇ ਪਟਰੋਲ ਪੰਪ ਬੰਦ ਰਹਿਣ ਕਾਰਨ ਆਵਾਜਾਈ ਵਾਲੇ ਰਾਹਗੀਰ ਵੀ ਡੀਜ਼ਲ, ਪਟਰੌਲ ਨਾ ਮਿਲਣ ਕਾਰਨ ਪ੍ਰੇਸ਼ਾਨ ਹੁੰਦੇ ਵੇਖੇ ਗਏ। ਇਸ ਦੌਰਾਨ ਦੁਸਰੇ ਸ਼ਹਿਰਾਂ ਅਤੇ ਪਿੰਡਾਂ ਨੂੰ ਵੱਖ- ਵੱਖ ਜਾਣ ਵਾਲੀਆਂ ਸੜਕਾਂ ਉੱਪਰ ਵੀ ਕੋਈ ਵਿਰਲਾ ਚੱਲਦਾ ਹੋਇਆ ਵਾਹਨ ਹੀ ਨਜ਼ਰ ਆ ਰਿਹਾ ਸੀ।