ਪਠਾਨਕੋਟ : ਪਠਾਨਕੋਟ ਨੌਂ ਭਾਸ਼ਾਵਾਂ ਦੇ ਗਿਆਤਾ, 64 ਵਿਸ਼ਿਆਂ ਦੇ ਮਾਹਿਰ ਅਤੇ 21 ਵਿਸ਼ਿਆਂ ਵਿਚ ਡਿਗਰੀ ਧਾਰਕ ਡਾਕਟਰ ਭੀਮ ਰਾਓ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਸ਼ਰਧਾਂਜਲੀ ਭੇਂਟ ਕੀਤੀ ਗਈ। ਅੱਜ ਇੱਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਦੀ ਜ਼ਾਤ ਅਧਾਰਿਤ ਗੁਲਾਮੀ ਤੋਂ ਭਾਰਤ ਦੇ ਮੂਲਨਿਵਾਸੀ ਬਹੁਜਨਾਂ ਨੂੰ ਅਜ਼ਾਦੀ ਦਿਵਾਉਣ ਵਾਲੇ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਸੰਘਰਸ਼ ਕਰਦਿਆਂ ਹੀ ਬਤੀਤ ਕੀਤਾ। ਕਟਾਰੂਚੱਕ ਨੇ ਕਿਹਾ ਡਾਕਟਰ ਅੰਬੇਡਕਰ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਦੇਸ਼ ਦੇ ਮਜ਼ਦੂਰਾਂ ਲਈ ਕੰਮ ਦੇ ਘੰਟੇ 12 ਤੋਂ ਘੱਟ ਕੇ 8 ਹੋਏ ਅਤੇ ਮਹਿਲਾਵਾਂ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਜਿਸ ਸਦਕੇ ਅੱਜ ਭਾਰਤ ਦੇਸ ਦੀਆਂ ਮਹਿਲਾਵਾਂ ਨੇ ਦੁਨਿਆਂ ਨੂੰ ਆਪਣੀ ਸੂਝ ਬੂਝ ਨਾਲ ਕਾਇਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਸਬੰਧੀ ਡਾਕਟਰ ਅੰਬੇਡਕਰ ਵਲੋਂ ਲਿਖੀ ਕਿਤਾਬ ਪ੍ਰਾਬਲਮ ਆਫ਼ ਰੁਪੀ ਨੂੰ ਧਿਆਨ ਵਿੱਚ ਰੱਖ ਕੇ ਹੀ ਅੰਗਰੇਜ਼ ਸਰਕਾਰ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸਥਾਪਨਾ ਕੀਤੀ ਸੀ ਅਤੇ ਦੇਸ਼ ਅਜ਼ਾਦ ਹੋਣ ਬਾਅਦ ਦੇਸ਼ ਦੀ ਸੰਵਿਧਾਨ ਸਭਾ ਰਾਹੀਂ ਭਾਰਤ ਦੇਸ਼ ਨੂੰ ਦੁਨੀਆਂ ਦਾ ਸਰਵੋਤਮ ਸੰਵਿਧਾਨ ਦਿੱਤਾ।ਉਨ੍ਹਾਂ ਕਿਹਾ ਕਿ ਡਾਕਟਰ ਅੰਬੇਡਕਰ ਦੀਆਂ ਕੋਸ਼ਿਸ਼ਾਂ ਸਦਕਾ ਹੀ ਭਾਰਤ ਦੇ ਦੱਬੇਕੁਚਲੇ ਲੋਕਾਂ ਦੀ ਤਕਦੀਰ ਬਦਲੀ ਹੈ ਜਿਸ ਸਦਕਾ ਅੱਜ ਇਹ ਲੋਕ ਪੜ੍ਹ ਲਿਖ ਕੇ ਤਰੱਕੀ ਕਰ ਰਹੇ ਹਨ।ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈਂਦਿਆਂ ਵੱਧ ਤੋਂ ਵੱਧ ਕਿਤਾਬੀ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨ।
Leave a Reply