ਤਪਾ ਮੰਡੀ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਕਰੀਬ 8.82 ਕਰੋੜ ਦੀ ਲਾਗਤ ਨਾਲ ਤਿੰਨ ਮੰਜ਼ਿਲਾ ਬਿਰਧ ਆਸ਼ਰਮ ਬਣ ਕੇ ਤਿਆਰ ਹੈ, ਜੋ ਕਿ ਜਲਦੀ ਹੀ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਸਬੰਧੀ ਡੀਸੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਐੱਸਡੀਐੱਮ ਤਪਾ ਰਿਸ਼ਭ ਬਾਂਸਲ ਵਲੋਂ ਬਿਰਧ ਆਸ਼ਰਮ ਦੇ ਕੰਮ ਦਾ ਨਿਰੀਖਣ ਕੀਤਾ ਗਿਆ ਤੇ ਉਨ੍ਹਾਂ ਸਬੰਧਤ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਐੱਸਡੀਐੱਮ ਨੇ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬਿਰਧ ਆਸ਼ਰਮ ਜਲਦ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ’ਚ ਇਹ ਬਜ਼ੁਰਗਾਂ ਲਈ ਖੋਲ੍ਹ ਦਿੱਤਾ ਜਾਵੇ। ਉਨ੍ਹਾਂ ਬਿਰਧ ਆਸ਼ਰਮ ਨੂੰ ਆਉਂਦੀ ਸੜਕ ਦੇ ਪਾਸੇ ਖਾਲ੍ਹੀ ਰਸਤੇ ’ਤੇ ਇੰਟਰਲਾਕਿੰਗ ਲਾਉਣ ਲਈ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਤੇ ਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਬਿਰਧ ਆਸ਼ਰਮ ਲਈ ਹਰ ਲੋੜੀਂਦਾ ਸਮਾਨ, ਫਰਨੀਚਰ ਆਦਿ ਲਈ ਟੈਂਡਰ ਲਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਤਿੰਨ ਮੰਜ਼ਲੀ ਇਮਾਰਤ ਨੂੰ ਐੱਡਮਿਨ ਬਲਾਕ, 72 ਬੈਡਜ਼ ਵਾਲੇ ਕਮਰੇ, ਰਸੋਈ, ਵੱਡੇ ਹਾਲ ਤੇ ਹੋਰ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਅ ਕੇਅਰ ਇਮਾਰਤ ਵੀ ਹੈ, ਜਿੱਥੇ ਆਸ-ਪਾਸ ਇਲਾਕੇ ਦੇ ਬਜ਼ੁਰਗ ਦਿਨ ਵੇਲੇ ਆਪਣਾ ਸਮਾਂ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸੁਪਰਡੈਂਟ, ਕਲੈਰੀਕਲ ਸਟਾਫ਼, ਰਸੋਈਆ, ਸਫਾਈ ਸੇਵਕ, ਸੁਰਖਿਆ ਗਾਰਡ ਸਣੇ ਹੋਰ ਸਟਾਫ ਆਉਂਦੇ ਦਿਨਾਂ ’ਚ ਤਾਇਨਾਤ ਕਰ ਦਿੱਤਾ ਜਾਵੇਗਾ। ਇਸ ਮੌਕੇ ਐੱਸ ਡੀ ਐਮ ਨੇ ਲੈਂਡ ਸਕੇਪਿੰਗ ਦੇ ਕੰਮ ਸਬੰਧੀ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਐੱਸ.ਡੀ.ਐੱਮ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੱਧ ਤੋਂ ਵੱਧ ਲੋਕਾਂ ਤੱਕ ਇਸ ਆਸ਼ਰਮ ਬਾਰੇ ਜਾਣਕਾਰੀ ਪਹੁੰਚਾਉਣ ਤਾਂ ਜੋ ਲੋੜਵੰਦ ਬਜ਼ੁਰਗ ਸਮਾਜਿਕ ਸੁਰੱਖਿਆ ਵਿਭਾਗ ਨਾਲ ਰਾਬਤਾ ਕਰਕੇ ਇਥੇ ਰਹਿਣ ਲਈ ਰਜਿਸਟ੍ਰੇਸ਼ਨ ਕਰਵਾ ਸਕਣ। ਇਸ ਮੌਕੇ ਲੋਕ ਨਿਰਮਾਣ ਵਿਭਾਗ ਤੋਂ ਐਕਸੀਅਨ ਦਵਿੰਦਰਪਾਲ ਸਿੰਘ, ਬਾਗਬਾਨੀ ਵਿਭਾਗ ਲੁਧਿਆਣਾ ਤੋਂ ਐੱਸ.ਡੀ.ਓ ਹਰਪ੍ਰੀਤ ਸਿੰਘ, ਬੀਡੀਪੀਓ ਸਤਿੰਦਰਪਾਲ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ ਤੋਂ ਮੁਕੇਸ਼ ਬਾਂਸਲ ਤੋਂ ਇਲਾਵਾ ਪੀਐੱਸਪੀਸੀਐਲ, ਵਣ ਵਿਭਾਗ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Leave a Reply