ਬੁਢਲਾਡਾ : ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਹਰੇਕ ਨਾਗਰਿਕ ਲਈ ਅਤਿ ਜ਼ਰੂਰੀ ਹੈ। ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਾਰਨ ਹੀ ਕਈ ਤਰ੍ਹਾਂ ਦੇ ਸੜਕੀ ਹਾਦਸੇ ਵਾਪਰਦੇ ਹਨ। ਇਸੇ ਮੰਤਵ ਨੂੰ ਲੈ ਕੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐੱਨਸੀਸੀ ਕੈਡਿਟਸ (20 ਪੰਜਾਬ ਬਟਾਲੀਅਨ ਬਠਿੰਡਾ) ਵੱਲੋਂ ਸ਼ਹਿਰ ਵਿਚ ਰੈਲੀ ਕੱਢੀ ਗਈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਤੋਂ ਜਾਗਰੂਕ ਕਰਨਾ ਸੀ। ਰੈਲੀ ਕਾਲਜ ਤੋਂ ਸ਼ੁਰੂ ਹੋ ਕੇ ਫ਼ੌਜੀ ਚੌਂਕ ਹੁੰਦੇ ਹੋਏ ਬੱਸ ਸਟੈਂਡ ਪਹੁੰਚੀ। ਇਸ ਦੌਰਾਨ ਕੈਡਿਟਸ ਸਮੇਤ ਕਾਲਜ ਪ੍ਰਿੰਸੀਪਲ ਅਤੇ ਏਐੱਨਓ ਲੈਫਟੀਨੈਂਟ ਕੁਲਬੀਰ ਸਿੰਘ ਤੇ ਕਾਲਜ ਸਟਾਫ਼ ਸ਼ਾਮਲ ਸਨ। ਕੈਡਿਟਸ ਦੁਆਰਾ ਚਾਰਟ ਅਤੇ ਬੈਨਰ ਆਦਿ ਬਣਾ ਕੇ ਇਸ ਰੈਲੀ ਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸੜਕ ਸੁਰੱਖਿਆ ਦੇ ਪ੍ਰਤੀ ਸੁਚੇਤ ਹੋ ਕੇ ਚੱਲਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਪਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕਰਨ ਤਾਂ ਜੋ ਅਨਮੋਲ ਮਨੁੱਖੀ ਜਾਨਾਂ ਨੂੰ ਅਜਾਈਂ ਜਾਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਰੈਲੀ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਨਾਲ ਨਾਲ ਸਮਾਜ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨਾ ਹੈ, ਕਿਉਂਕਿ ਜੇਕਰ ਬੱਚੇ ਇਨ੍ਹਾਂ ਨਿਯਮਾਂ ਸਬੰਧੀ ਜਾਗਰੂਕ ਹੋਣਗੇ ਤਾਂ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਕਾਰ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਜਰੂਰੀ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਹਿਨਣਾ ਜਰੂਰੀ ਹੈ। ਇਸ ਤੋਂ ਇਲਾਵਾ ਟਰੈਫਿਕ ਲਾਈਟਾਂ ‘ਤੇ ਹਰੀ ਬੱਤੀ ਹੋਣ ਤੱਕ ਇੰਤਜਾਰ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਵਾਹਨ ਨੂੰ ਗਲਤ ਸਾਈਡ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗੱਡੀਆਂ ਪਾਰਕ ਕਰਨ ਸਮੇਂ ਵੀ ਸਹੀ ਸਥਾਨ ‘ਤੇ ਹੀ ਗੱਡੀਆਂ ਪਾਰਕ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਉਣ ਜਾਣ ਵਾਲੀ ਟ੍ਰੈਫ਼ਿਕ ਵਿੱਚ ਵਿਘਨ ਨਾ ਪਵੇ। ਅੰਤ ਵਿਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਰੇਖਾ ਰਾਣੀ ਨੇ ਕਿਹਾ ਕਿ ਸੰਸਥਾ ਲਗਾਤਾਰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਸੈਮੀਨਾਰ ਅਤੇ ਰੈਲੀਆਂ ਦਾ ਆਯੋਜਨ ਕਰਦੀ ਹੈ।
Leave a Reply