ਆਪ ਸਰਕਾਰ ਨੂੰ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇੱਕ ਕਿਸ਼ਤ ਵਿੱਚ ₹14,000 ਕਰੋੜ ਬਕਾਇਆ ਦੇਣਾ ਪਵੇਗਾ: ਰਾਜਾ ਵੜਿੰਗ
- ਪੰਜਾਬ
- 18 Feb,2025

ਲੁਧਿਆਣਾ :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਇਸ ਨੇ ਸੂਬੇ ਦੇ ਛੇ ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ। ਇਨ੍ਹਾਂ ਵਿਅਕਤੀਆਂ ਦੀ ਦੁਰਦਸ਼ਾ ਨੂੰ ਉਜਾਗਰ ਕਰਦੇ ਹੋਏ, ਵੜਿੰਗ ਨੇ ਦੱਸਿਆ ਕਿ 'ਆਪ' ਸਰਕਾਰ 2021 ਤੋਂ ਬਕਾਇਆ ਰਾਸ਼ੀ ਦੇਣ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਉਹਨਾਂ ਦੇ ਪਰਿਵਾਰ ਵਿੱਤੀ ਸੰਕਟ ਵਿੱਚ ਹਨ।
"ਇਹ ਸ਼ਰਮਨਾਕ ਹੈ ਕਿ 'ਆਪ' ਸਰਕਾਰ ਨੂੰ ਕਰਮਚਾਰੀਆਂ ਅਤੇ ਪੈਨਸ਼ਨਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਲਈ ਹਾਈ ਕੋਰਟ ਦੇ ਹੁਕਮ ਦੀ ਲੋੜ ਸੀ," ਵੜਿੰਗ ਨੇ ਕਿਹਾ। "2029-30 ਤੱਕ ਲਗਭਗ 14,000 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨ ਦਾ ਵਾਅਦਾ ਕਰਨ ਵਾਲਾ ਉਨ੍ਹਾਂ ਦਾ ਅਦਾਲਤ ਵਿੱਚ ਹਲਫ਼ਨਾਮਾ ਇੱਕ ਕੋਝੇ ਮਜ਼ਾਕ ਤੋਂ ਘੱਟ ਨਹੀਂ ਹੈ। 2030 ਤੱਕ ਕੌਣ ਇੰਤਜ਼ਾਰ ਕਰੇਗਾ ? ਇਸ ਤੋਂ ਇਲਾਵਾ, ਇਹ 'ਆਪ' ਸਰਕਾਰ 2030 ਤੱਕ ਸ਼ਾਸਨ ਵਿੱਚ ਨਹੀਂ ਰਹੇਗੀ, ਇਸ ਤਰ੍ਹਾਂ ਇਹ ਦਰਸਾਉਂਦਾ ਹੈ ਕਿ ਇਹ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਰਹੀ ਹੈ। ਇਹ ਭਗਵੰਤ ਮਾਨ ਦੀ ਸਰਕਾਰ ਦੀ ਪੂਰੀ ਤਰ੍ਹਾਂ ਅਯੋਗਤਾ ਨੂੰ ਦਰਸਾਉਂਦਾ ਹੈ।"
ਪ੍ਰਦੇਸ਼ ਕਾਂਗਰਸ ਮੁਖੀ ਨੇ ਇਸਦੀ ਤੁਲਨਾ ਕਾਂਗਰਸ ਪਾਰਟੀ ਦੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨਾਲ ਕੀਤੀ, ਹਿਮਾਚਲ ਪ੍ਰਦੇਸ਼ ਦੀ ਉਦਾਹਰਣ ਦਿੰਦੇ ਹੋਏ, ਜਿੱਥੇ ਕਾਂਗਰਸ ਸਰਕਾਰ ਨੇ ਪੁਰਾਣੀ ਪੈਨਸ਼ਨ ਯੋਜਨਾ (OPS) ਨੂੰ ਬਹਾਲ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ। "ਜਦੋਂ ਕਿ ਹਿਮਾਚਲ ਵਿੱਚ ਕਾਂਗਰਸ ਨੇ ਨਵੀਂ ਪੈਨਸ਼ਨ ਯੋਜਨਾ ਨੂੰ ਖਤਮ ਕਰਕੇ ਅਤੇ OPS ਨੂੰ ਵਾਪਸ ਲਿਆ ਕੇ ਆਪਣਾ ਵਾਅਦਾ ਪੂਰਾ ਕੀਤਾ, ਪਰ ਪੰਜਾਬ ਵਿੱਚ 'ਆਪ' ਸਰਕਾਰ ਨੇ ਸਿਰਫ਼ ਖੋਖਲੇ ਭਰੋਸੇ ਦਿੱਤੇ ਹਨ।" "ਮੁਲਾਜ਼ਮ ਅਤੇ ਪੈਨਸ਼ਨਰ ਪੰਜਾਬ ਦੀ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਅਤੇ ਉਹ ਇਹਨਾਂ ਲਾਰਿਆਂ ਨਾਲੋਂ ਬਿਹਤਰੀ ਦੇ ਹੱਕਦਾਰ ਹਨ।”
ਵੜਿੰਗ ਨੇ 'ਆਪ' ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਨਾਜ਼ੁਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਮਰੱਥ ਹੈ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਵਾਰ-ਵਾਰ ਅਸਫਲ ਰਹੀ ਹੈ। "ਭਗਵੰਤ ਮਾਨ ਅਤੇ 'ਆਪ' ਸੱਤਾ ਵਿੱਚ ਇਹ ਦਾਅਵਾ ਕਰਦੇ ਹੋਏ ਆਏ ਸਨ ਕਿ ਉਹ ਇਨਕਲਾਬੀ ਤਬਦੀਲੀ ਲਿਆਉਣਗੇ। ਇਸ ਦੀ ਬਜਾਏ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਧੋਖਾ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਸੀ। ਉਨ੍ਹਾਂ ਦਾ ਸ਼ਾਸਨ ਦੇਰੀ, ਧੋਖੇ ਅਤੇ ਬੇਈਮਾਨੀ ਨਾਲ ਭਰਿਆ ਹੋਇਆ ਹੈ। ਸਰਕਾਰ ਦੁਆਰਾ ਕਿਸ਼ਤਾਂ ਵਿੱਚ ਬਕਾਏ ਦੀ ਅਦਾਇਗੀ ਕਰਨ ਦੇ ਵਾਅਦੇ ਸਾਰੇ ਝੂਠੇ ਹਨ ਅਤੇ ਪ੍ਰਕਿਰਿਆ ਨੂੰ ਹੋਰ ਵੀ ਦੇਰੀ ਕਰਨ ਦੀ ਚਾਲ ਹੈ। ਇਸ 'ਬਦਲਾਅ' ਨੇ ਸਾਡੇ ਰਾਜ ਨੂੰ ਬਰਬਾਦ ਕਰ ਦਿੱਤਾ ਹੈ।"
ਕਾਂਗਰਸ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਵੜਿੰਗ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ 2027 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਨੂੰ ਬਹਾਲ ਕਰੇਗੀ। "ਅਸੀਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵਿੱਤੀ ਸੁਰੱਖਿਆ ਦੀ ਮਹੱਤਤਾ ਨੂੰ ਸਮਝਦੇ ਹਾਂ। ਹਿਮਾਚਲ ਪ੍ਰਦੇਸ਼ ਵਾਂਗ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਵਾਪਸ ਲਿਆਂਦੀ ਜਾਵੇਗੀ। ਕਾਂਗਰਸ ਖਾਲੀ ਵਾਅਦੇ ਨਹੀਂ ਕਰਦੀ ਅਸੀਂ ਜੋ ਕਹਿੰਦੇ ਉਹ ਪੂਰਾ ਕਰਦੇ ਹਾਂ," ਉਹਨਾਂ ਨੇ ਕਿਹਾ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਸਰਕਾਰ ਨੂੰ ਆਪਣੀਆਂ ਅਸਫਲਤਾਵਾਂ ਲਈ ਜਵਾਬਦੇਹ ਠਹਿਰਾਉਣ ਅਤੇ ਨਿਆਂ ਅਤੇ ਵਿੱਤੀ ਸਨਮਾਨ ਦੀ ਲੜਾਈ ਵਿੱਚ ਇੱਕਜੁੱਟ ਹੋਣ ਦਾ ਸੱਦਾ ਦਿੱਤਾ। "ਪੰਜਾਬ ਇੱਕ ਅਜਿਹੀ ਸਰਕਾਰ ਦਾ ਹੱਕਦਾਰ ਹੈ ਜੋ ਆਪਣੇ ਲੋਕਾਂ ਲਈ ਕੰਮ ਕਰੇ, ਨਾ ਕਿ ਅਜਿਹੀ ਸਰਕਾਰ ਜੋ ਉਨ੍ਹਾਂ ਨੂੰ ਉਸ ਚੀਜ਼ ਲਈ ਭੀਖ ਮੰਗਣ ਲਈ ਮਜਬੂਰ ਕਰੇ ਜੋ ਉਨ੍ਹਾਂ ਦੀ ਹੀ ਹੈ।" ਉਹਨਾਂ ਨੇ ਸਿੱਟਾ ਕੱਢਿਆ।
Posted By:

Leave a Reply