ਉਪ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਆਮੋ ਸਾਹਮਣੇ

ਉਪ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਆਮੋ ਸਾਹਮਣੇ

ਬਟਾਲਾ : ਵਾਰਡ ਨੰਬਰ 24 ’ਚ ਹੋਣ ਜਾ ਰਹੀ ਕੌਂਸਲਰ ਦੀ ਉਪ ਚੋਣ ਲਈ ਉਮੀਦਵਾਰਾਂ ਵੱਲੋਂ ਭਰੇ ਗਏ ਨਾਮਜ਼ਦਗੀ ਫਾਰਮਾਂ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੇ ਮੇਅਰ ’ਤੇ ਗਲਤ ਐੱਨਓਸੀ ਜਾਰੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਾਂਗਰਸੀ ਉਮੀਦਵਾਰ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਬਲਬੀਰ ਸਿੰਘ ਬਿੱਟੂ, ਯਸ਼ਪਾਲ ਚੌਹਾਨ ਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 24 ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਦਿੱਤੇ ਗਏ। ਇਸ ਵਿੱਚ ਉਸ ਨੇ ਆਪਣੇ ਪੰਜ ਮਰਲੇ ਰਿਹਾਇਸੀ ਖੇਤਰ ਦਾ ਜ਼ਿਕਰ ਕੀਤਾ ਹੈ, ਜਦੋਂ ਕਿ ਉਸ ਦੇ ਮਕਾਨ ਦਾ ਰਕਬਾ 15 ਮਰਲੇ ਦੇ ਕਰੀਬ ਹੈ। ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕਾਂਗਰਸੀ ਉਮੀਦਵਾਰ ਵੱਲੋਂ ਗਲਤ ਹਲਫਨਾਮਾ ਦਿੱਤਾ ਗਿਆ ਹੈ ਅਤੇ ਉਸ ਦੇ ਘਰ ਲਈ ਜ਼ਮੀਨ ਗਲਤ ਤਰੀਕੇ ਨਾਲ ਐੱਨਓਸੀ ਕਾਰਪੋਰੇਸ਼ਨ ਤੋਂ ਲਈ ਗਈ ਹੈ। ਹੁਣ ਇਸ ’ਚ ਸਵਾਲੀਆ ਨਿਸ਼ਾਨ ਇਹ ਲੱਗ ਰਿਹਾ ਹੈ ਕਿ ਕਾਂਗਰਸ ਦਾ ਮੇਅਰ ਨਿਗਮ ’ਤੇ ਕਾਬਜ ਹੈ ਅਤੇ ਉਸ ਦੇ ਦਬਾਅ ’ਚ ਨਿਗਮ ਦੇ ਕਰਮਚਾਰੀਆਂ ਨੇ ਗਲਤ ਐੱਨਓਸੀ ਜਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਉਕਤ ਆਗੂਆਂ ਨੇ ਗਲਤ ਐੱਨਓਸੀ ਜਾਰੀ ਕਰਨ ਵਾਲੇ ਨਿਗਮ ਦੇ ਜਿੰਮੇਵਾਰ ਕਰਮਚਾਰੀਆਂ ਅਤੇ ਮੇਅਰ ਸੁਖਦੀਪ ਸਿੰਘ ਤੇਜਾ ਖਿਲਾਫ਼ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ============= ਕਾਂਗਰਸ ਪਾਰਟੀ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਨੂੰ ਨਕਾਰਿਆ ਉਧਰ ਕਾਂਗਰਸ ਪਾਰਟੀ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ ਮਾਨਸਿਕ ਤੌਰ ’ਤੇ ਤੰਗ ਪਰੇਸ਼ਾਨ ਦੇ ਦੋਸ਼ ਲਗਾਏ ਹਨ। ਵਾਰਡ ਨੰਬਰ 24 ਦੀ ਉਪ ਚੋਣ ਨੂੰ ਲੈ ਕੇ ਮੇਅਰ ਸੁਖਦੀਪ ਸਿੰਘ ਤੇਜਾ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ, ਨੌਜਵਾਨ ਕਾਂਗਰਸੀ ਆਗੂ ਗੌਤਮ ਸੇਠ ਗੁੱਡੂ ਨੇ ਕਾਂਗਰਸ ਭਵਨ ਵਿਖੇ ਪੱਤਰਕਾਰ ਮਿਲਣੀ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਘਰ ਪੰਜ ਮਰਲੇ ਤੋਂ ਵੀ ਘੱਟ ’ਚ ਬਣਿਆ ਹੈ ਅਤੇ ਜਿਹੜੀ ਉਸਨੂੰ ਐੱਨਓਸੀ ਜਾਰੀ ਕੀਤੀ ਗਈ ਹੈ, ਉਹ ਬਿਲਕੁਲ ਕਾਨੂੰਨ ਮੁਤਾਬਕ ਸਹੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਬਟਾਲਾ ਦੇ ਵਿਧਾਇਕ ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਉਸ ਵਾਰਡ ’ਚ ਹਾਰ ਨਜ਼ਰ ਆਸਰ ਆ ਰਹੀ ਸੀ, ਜਿਸ ਕਾਰਨ ਉਹਨਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਉੱਤੇ ਮਾਨਸਿਕ ਦਬਾਅ ਬਣਾ ਕੇ ਦਿੱਤਾ ਹੈ, ਜਿਸ ਕਾਰਨ ਬਲਵਿੰਦਰ ਸਿੰਘ ਨੂੰ ਮਜਬੂਰਨ ਆਪਣੇ ਕਾਗਜ ਵਾਪਸ ਲੈਣੇ ਪਏ ਹਨ। ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਦੀ 15 ਮਰਲੇ ਖੇਤੀ ਵਾਲੀ ਜ਼ਮੀਨ ਹੈ ਅਤੇ ਉਸ ਉੱਤੇ ਐੱਨਓਸੀ ਦੀ ਕੋਈ ਲੋੜ ਨਹੀਂ ਹੁੰਦੀ। ਮੇਅਰ ਸੁਖਦੀਪ ਸਿੰਘ ਪੇਜਾਂ ਨੇ ਇਹ ਵੀ ਦੋਸ਼ ਲਾਇਆ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਵਾਰਡ ਨੰਬਰ 24 ’ਚੋਂ ਸ਼ਰੇਆਮ ਕਣਕ ਵੰਡੀ ਜਾ ਰਹੀ ਹੈ ਅਤੇ ਸਾਹਬਪੁਰ ਦੀ ਸੜਕ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਕਾਨੂੰਨ ਦਾ ਸਹਾਰਾ ਲੈਣਗੇ ਅਤੇ ਅਗਲੀ ਰਣਨੀਤੀ ਉਲੀਕਣਗੇ।