ਬਟਾਲਾ ਦਾ ਜਵਾਨ ਕਰਮਬੀਰ ਸਿੰਘ ਡਿਊਟੀ ਦੌਰਾਨ ਸ਼ਹੀਦ

ਬਟਾਲਾ ਦਾ ਜਵਾਨ ਕਰਮਬੀਰ ਸਿੰਘ ਡਿਊਟੀ ਦੌਰਾਨ ਸ਼ਹੀਦ

ਬਟਾਲਾ: ਬਟਾਲਾ ਦੇ ਦੀਵਾਨੀ ਵਾਲ ਕਲਾਂ ਪਿੰਡ ਦੇ ਵਸਨੀਕ ਕਰਮਬੀਰ ਸਿੰਘ ਦੀ ਅਸਾਮ ਵਿੱਚ ਆਪਣੀ ਡਿਊਟੀ ਦੌਰਾਨ ਸੜਕ ਬਣਾਉਣ ਲਈ ਪਹਾੜ ਕੱਟਦੇ ਸਮੇਂ ਇੱਕ ਹਾਦਸੇ ਵਿੱਚ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਿਛਲੇ ਸੋਲਾਂ ਸਾਲਾਂ ਤੋਂ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਵਿੱਚ ਡੋਜ਼ਰ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਸ਼ਹੀਦ ਦੀ ਮ੍ਰਿਤਕ ਦੇਹ ਅੱਜ ਉਸਦੇ ਪਿੰਡ ਪਹੁੰਚ ਗਈ ਹੈ। ਜਿਸ ਤੋਂ ਬਾਅਦ ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਦੀ ਚਿਖਾ ਨੂੰ ਉਨ੍ਹਾਂ ਦੇ ਪਿਤਾ ਕਰਨੈਲ ਸਿੰਘ ਨੇ ਅਗਨੀ ਦਿੱਤੀ। ਪਿਤਾ ਕਰਨੈਲ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤ ਨਾਲ ਪਟਨਾ ਸਾਹਿਬ ਗਏ ਸਨ। ਇਸ ਦੌਰਾਨ ਕਰਮਬੀਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਵੀ ਹੋਈ। ਕਰਮਬੀਰ ਨੇ ਪਰਿਵਾਰ ਤੋਂ ਹਾਲ ਪੁੱਛਿਆ ਅਤੇ ਆਪਣੇ ਬਾਰੇ ਸਭ ਕੁਝ ਚੰਗਾ ਵੀ ਦੱਸਿਆ  ਪਰ ਰਸਤੇ ਵਿੱਚ, ਉਸਨੂੰ ਫ਼ੋਨ 'ਤੇ ਪਤਾ ਲੱਗਾ ਕਿ ਉਸਦਾ ਪੁੱਤਰ ਕਰਮਬੀਰ ਸਿੰਘ ਪਹਾੜੀ ਮਲਬਾ ਡਿੱਗਣ ਕਾਰਨ ਸ਼ਹੀਦ ਹੋ ਗਿਆ ਹੈ।