ਸ਼ੇਖ ਹਸੀਨਾ ਦਾ ਵੱਡਾ ਐਲਾਨ, ਦਸੰਬਰ 'ਚ ਬੰਗਲਾਦੇਸ਼ ਪਰਤ ਕੇ ਕਰੇਗੀ ਆਤਮ ਸਮਰਪਣ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਹਿਲੀ ਵਾਰ ਆਪਣੇ ਵਤਨ ਪਰਤਣ ਦੀ ਯੋਜਨਾ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ। ਇਸ ਵੇਲੇ ਭਾਰਤ ਵਿੱਚ ਰਹਿ ਰਹੀ ਹਸੀਨਾ ਨੇ ਕਿਹਾ ਹੈ ਕਿ ਉਹ ਇਸ ਸਾਲ ਦਸੰਬਰ ਦੇ ਆਸ-ਪਾਸ ਬੰਗਲਾਦੇਸ਼ ਵਾਪਸ ਜਾਵੇਗੀ ਅਤੇ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰੇਗੀ। 78 ਸਾਲਾ ਸ਼ੇਖ ਹਸੀਨਾ ਨੇ ਨਿਊਜ਼ ਏਜੰਸੀ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਦੇਸ਼ ਪਰਤਦੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ, ਪਰ ਇਸ ਦੇ ਬਾਵਜੂਦ ਉਹ ਆਪਣੇ ਦੇਸ਼ ਵਾਪਸ ਜਾਣ ਦੇ ਫ਼ੈਸਲੇ 'ਤੇ ਕਾਇਮ ਹਨ। ਹਸੀਨਾ ਨੇ ਕਿਹਾ, "ਜਦੋਂ ਮੈਂ ਵਾਪਸ ਜਾਵਾਂਗੀ ਤਾਂ ਮੈਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਮੇਰੀ ਹੱਤਿਆ ਵੀ ਹੋ ਸਕਦੀ ਹੈ। ਪਰ ਮੈਂ ਫਿਰ ਵੀ ਪਰਤਾਂਗੀ। ਮੇਰੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ 'ਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਜੇ ਮੈਨੂੰ ਮਰਨਾ ਹੀ ਹੈ ਤਾਂ ਮੈਂ ਆਪਣੇ ਦੇਸ਼ ਦੀ ਮਿੱਟੀ 'ਤੇ ਮਰਨਾ ਚਾਹੁੰਦੀ ਹਾਂ, ਜਿੱਥੇ ਮੇਰੇ ਮਾਤਾ-ਪਿਤਾ ਦਫ਼ਨ ਹਨ।" ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਸਰਕਾਰ ਵਿਰੋਧੀ ਅੰਦੋਲਨ ਤੋਂ ਬਾਅਦ ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਕੇ ਭਾਰਤ ਆ ਗਈ ਸੀ। ਇਸ ਤੋਂ ਬਾਅਦ ਵਿਦਿਆਰਥੀ ਅੰਦੋਲਨ ਦੌਰਾਨ ਕੀਤੀ ਗਈ ਕਾਰਵਾਈ ਨਾਲ ਜੁੜੇ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹੁਣ ਉਨ੍ਹਾਂ ਦੇ ਦਸੰਬਰ ਵਿੱਚ ਬੰਗਲਾਦੇਸ਼ ਵਾਪਸ ਪਰਤਣ ਅਤੇ ਅਦਾਲਤ ਅੱਗੇ ਆਤਮ ਸਮਰਪਣ ਕਰਨ ਦੇ ਐਲਾਨ ਨੇ ਦੇਸ਼ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
Posted By: Daily Suraj Bureau