ਸਰਕਾਰੀ ਸਕੂਲ ਦੇ ਬੱਚੇ ਨਵੇਂ ਸਾਲ ਦੇ ਪ੍ਰੋਗਰਾਮ ’ਚ ਟੀਵੀ 'ਤੇ ਚਮਕੇ

ਸਰਕਾਰੀ ਸਕੂਲ ਦੇ ਬੱਚੇ ਨਵੇਂ ਸਾਲ ਦੇ ਪ੍ਰੋਗਰਾਮ ’ਚ ਟੀਵੀ 'ਤੇ ਚਮਕੇ

ਰਾਮਪੁਰਾ ਫੂਲ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੰਡੀ ਕਲਾਂ ਦੇ ਵਿਦਿਆਰਥੀਆਂ ਨੇ ਨਵੇਂ ਸਾਲ ਦੇ ਮਨੋਰੰਜਕ ਪ੍ਰੋਗਰਾਮ ਵਿਚ ਟੀਵੀ ਤੇ ਸੱਭਿਆਚਾਰਕ ਗੀਤ ਗਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਇਨ੍ਹਾਂ ਦੀ ਤਿਆਰੀ ਅਧਿਆਪਕ ਗੁਰਵਿੰਦਰ ਸਿੰਘ ਸਿੱਧੂ ਨੇ ਕਰਵਾਈ, ਜਿਸ ਸਦਕਾ ਇਨ੍ਹਾਂ ਵਿਦਿਆਰਥੀਆਂ ਨੇ ਸਕੂਲ, ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ, ਇਸ ਵਿਚ ਪੱਛਮੀ ਬੰਗਾਲ, ਰਾਜਸਥਾਨ, ਦਿੱਲੀ, ਪੰਜਾਬ ਆਦਿ ਸਮੇਤ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਇਕ-ਦੂਜੇ ਦੇ ਰਾਜਾਂ ਦੀ ਵਿਰਾਸਤ ਅਤੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜਿਸ ਨਾਲ ਏਕਤਾ ਦੀ ਭਾਵਨਾ ਵੀ ਮਜ਼ਬੂਤ ਹੋਈ। ਮੰਡੀ ਕਲਾਂ ਸਕੂਲ ਦੀਆਂ ਵਿਦਿਆਰਥਣਾਂ ਅਮਨਿੰਦਰ ਕੌਰ ਅਤੇ ਰਜਨਦੀਪ ਕੌਰ ਨੇ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਇੱਕੋ ਮੰਚ ਤੇ ਵੱਡੇ ਅਤੇ ਸਥਾਪਿਤ ਕਲਾਕਾਰਾਂ ਦੇ ਬਰਾਬਰ ਪੇਸ਼ਕਾਰੀ ਦੇ ਕੇ ਸਰੋਤਿਆਂ ਦੀ ਵਾਹ-ਵਾਹ ਲੁੱਟੀ। ਵਧੀਆ ਪੇਸ਼ਕਾਰੀ ਬਦਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬੱਚਿਆਂ ਨੇ ਇਸ ਦਾ ਸਿਹਰਾ ਆਪਣੇ ਅਧਿਆਪਕ ਗੁਰਵਿੰਦਰ ਸਿੰਘ ਸਿੱਧੂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਸਾਡਾ ਟੀਵੀ ਉੱਪਰ ਆਉਣ ਦਾ ਸੁਪਨਾ ਪੂਰਾ ਹੋਇਆ ਹੈ। ਸਰ ਨੇ ਸਾਨੂੰ ਛੁੱਟੀਆਂ ਵਿਚ ਵੀ ਮਿਹਨਤ ਕਰਵਾਈ ਅਤੇ ਪ੍ਰੋਗਰਾਮ ਵਿਚ ਭਾਗ ਲੈਣ ਲਈ ਰਿਕਾਰਡਿੰਗ ਕਰਵਾਉਣ ਲੈ ਕੇ ਗਏ। ਅਧਿਆਪਕ ਗੁਰਵਿੰਦਰ ਸਿੱਧੂ ਨੇ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਸਿਰਜਨਾਤਮਿਕਤਾ, ਮੁਕਾਬਲੇ ਦੀ ਭਾਵਨਾ ਅਤੇ ਸਰਵਪੱਖੀ ਵਿਕਾਸ ਹੁੰਦਾ ਹੈ।