ਬਠਿੰਡਾ : ਬੰਗਲਾਦੇਸ਼ ਚ ਹਿੰਦੂ ਸਿੱਖਾਂ ਤੇ ਹੋ ਰਹੇ ਜ਼ੁਲਮਾਂ, ਸਾਧਾਂ-ਸੰਤਾਂ ਤੇ ਹੋ ਰਹੇ ਅੱਤਿਆਚਾਰਾਂ ਅਤੇ ਮੰਦਰਾਂ ਨੂੰ ਢਾਹੇ ਜਾਣ ਦੇ ਵਿਰੋਧ ਚ ਸ਼ਹਿਰ ਅੰਦਰ ਹਿੰਦੂ-ਸਿੱਖ ਭਾਈਚਾਰੇ ਨੇ ਸੰਤਾਂ-ਮਹਾਂਪੁਰਸ਼ਾਂ ਦੀ ਅਗਵਾਈ ਚ ਫਾਇਰ ਬ੍ਰਿਗੇਡ ਚੌਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਬੰਗਲਾਦੇਸ਼ ਦਾ ਝੰਡਾ ਅਤੇ ਪੁਤਲਾ ਫੂਕਿਆ ਗਿਆ। ਧਰਨੇ ਵਾਲੀ ਥਾਂ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਲੀਫੋਰਨੀਆ ਤੋਂ ਪੁੱਜੇ ਬਾਬਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੰਗਲਾ ਦੇਸ਼ ਸਰਕਾਰ ਹਿੰਦੂਆਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਜੇਕਰ ਹਿੰਦੂ ਸਿੱਖਾਂ ਨੇ ਸੋਚ ਲਿਆ ਤਾਂ ਬੰਗਲਾ ਦੇਸ਼ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਅਮਰੀਕਾ ਅਤੇ ਕੈਨੇਡਾ ਦੀ ਤਰਜ਼ ਤੇ ਦੇਸ਼ ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਦੇਸ਼ ਚੋਂ ਬਾਹਰ ਕੀਤਾ ਜਾਵੇ। ਬੰਗਲਾ ਦੇਸ਼ ਵਿਚ ਹਿੰਦੂਆਂ ਨੂੰ ਬਚਾਉਣ ਲਈ ਅੰਤਰਰਾਸ਼ਟਰੀ ਮੰਚ ਤੇ ਆਵਾਜ਼ ਉਠਾਈ ਜਾਣੀ ਚਾਹੀਦੀ ਹੈ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤੋਂ ਪਹੁੰਚੇ ਸਵਾਮੀ ਉਮੇਸ਼ਾਨੰਦ ਨੇ ਕਿਹਾ ਕਿ ਜੇਕਰ ਸਰਕਾਰ ਬੰਗਲਾਦੇਸ਼ ਚ ਹਿੰਦੂਆਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਹਿੰਦੂਆਂ ਨੂੰ ਵੱਖਰਾ ਦੇਸ਼ ਦੇਣਾ ਚਾਹੀਦਾ ਹੈ। ਨਿਹੰਗ ਬਾਬਾ ਅਨੂਪ ਨੇ ਕਿਹਾ ਕਿ ਬੰਗਲਾਦੇਸ਼ ਨੂੰ ਹਿੰਦੂ-ਸਿੱਖਾਂ ਦੇ ਪੁਰਾਤਨ ਇਤਿਹਾਸ ਨੂੰ ਭੁੱਲਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਇਹ ਸਨਾਤਨ ਧਰਮ ਅਤੇ ਸਿੱਖੀ ਯੋਧਿਆਂ ਨਾਲ ਭਰਪੂਰ ਹੈ। ਸਾਨੂੰ ਉਥੇ ਉਨ੍ਹਾਂ ਨਾਲ ਇੱਟ ਨਾਲ ਇੱਟ ਖੜਕਾਉਣ ਲਈ ਮਜ਼ਬੂਰ ਨਹੀਂ ਕਰਨਾ ਚਾਹੀਦਾ। ਇਸ ਮੌਕੇ ਬੋਲਦਿਆਂ ਭਾਜਪਾ ਆਗੂ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਰਾਸ਼ਟਰਪਤੀ ਤੋਂ ਨੋਬਲ ਪੁਰਸਕਾਰ ਵਾਪਸ ਲਿਆ ਜਾਵੇ ਅਤੇ ਉਸ ਨੂੰ ਅੰਤਰਰਾਸ਼ਟਰੀ ਅਦਾਲਤ ਵਿਚ ਘਸੀਟਿਆ ਜਾਵੇ ਅਤੇ ਹਿੰਦੂਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਬੰਗਲਾਦੇਸ਼ ਵਿਚ ਜੋ ਵੀ ਹੋ ਰਿਹਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਹ ਹਰ ਸੰਘਰਸ਼ ਵਿਚ ਦੇਸ਼ ਦੇ ਨਾਲ ਹੈ। ਇਸ ਮੋਰਚੇ ਵਿੱਚ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਤੋਂ ਇਲਾਵਾ ਜਾਗਰੂਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
Leave a Reply