ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ

ਸੁਖਬੀਰ ਬਾਦਲ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਮਿਸਲ ਸਤਲੁਜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਪੱਤਰ ਭੇਜਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਬੜੇ ਦੁੱਖ ਨਾਲ ਜੋਦੜੀ ਕਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿੰਘ ਸਾਹਿਬ..ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਦੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਅ ਰਹੇ ਸਿੰਘ ਸਾਹਿਬਾਨ ਪ੍ਰਤੀ ਵਰਤੀ ਜਾ ਰਹੀ ਸ਼ਬਾਦਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਦਿੱਤੇ ਹਨ। 

ਖਾਸ ਤੌਰ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਆਧਾਰ ਗੁਆ ਚੁੱਕੀ ਲੀਡਰਸ਼ਿਪ ਵੱਲੋ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ਼ ਜਾ ਕੇ ਬਿਨਾਂ ਅਧਾਰ ਕਾਰਡ ਤੋਂ ਬੋਗਸ ਭਰਤੀ ਕਰਕੇ, ਬੋਗਸ ਭਰਤੀ ਦੇ ਅਦਾਰ ਤੇ ਬੋਗਸ ਡੈਲੀਗੇਟਾਂ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਲਿਆ ਗਿਆ ਹੈ।

ਸਿੰਘ ਸਾਹਿਬ ਜੀ ਇੱਕ ਤਨਖਾਹੀਆ ਸਖ਼ਸ਼ ਇਤਿਹਾਸਕ ਸਥਾਨ ਤੇ ਖੜ ਕੇ ਕੌਮ ਨੂੰ ਤੇ ਜਥੇਦਾਰ ਸਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ। ਵਾਰ-ਵਾਰ ਸਿਆਸੀ ਮਨਸ਼ਾ ਹੇਠ ਸਿੰਘ ਸਾਹਿਬਾਨ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾਂ ਅਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।

 ਸਿੰਘ ਸਾਹਿਬਾਨ ਹੀ ਕੌਮ ਦੀ ਸ਼ਕਤੀ ਹਨ। ਸਦੀਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ। ਇਸ ਲਈ ਇੱਕ ਤਨਖਾਹੀਆ ਵਿਅਕਤੀ ਦੀ ਇਹ ਹਿੰਮਤ ਕਿ ਹੁਕਮਨਾਮਿਆਂ ਦੀ ਅਵੰਗਿਆ ਵੀ ਕਰੇ, ਸਿੰਘ ਸਾਹਿਬਾਨ ਨੂੰ ਆਪਣੀ ਰਿਹਾਇਸ਼ ਤੇ ਬੁਲਾਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਲਈ ਮਜਬੂਰ ਵੀ ਕਰੇ, ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਐਸਜੀਪੀਸੀ ਦੀ ਗੋਲਕ ਵੀ ਵਰਤੇ, ਫਿਰ ਫ਼ਸੀਲ ਦੇ ਸਾਹਮਣੇ ਕੀਤੇ ਸਾਰੇ ਗੁਨਾਹਾਂ ਦੀ ਮੁਆਫੀ ਮੰਗ ਕਿ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁੱਕਰ ਵੀ ਜਾਵੇ, ਅਜਿਹੇ ਕਿਰਦਾਰ ਵਾਲਾ ਵਿਅਕਤੀ ਪੰਥ ਅਤੇ ਕੌਮ ਵਿਰੋਧੀ ਭਾਵਨਾ ਰੱਖਦਾ ਹੈ। 

ਕਿਉਂਕਿ ਕਾਰਵਾਈ ਸਿਰਫ ਬਾਦਲ ਪਰਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਹੈ। ਇੱਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀ ਹੋ ਸਕਦਾ। ਖਾਲਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ।ਪੱਤਰ ਦੇ ਅਖੀਰ ਵਿੱਚ ਮਿਸਲ ਸਤਲੁਜ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸੁਖਬੀਰ ਬਾਦਲ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

#SukhbirBadal #AkalTakht #ReligiousComplaint #SAD #SikhPolitics #PunjabNews #SikhCommunity #AkalTakhtSahib #ReligiousMatter #SikhLeadership