ਪੰਜਾਬ ਦੇ ਆਖ਼ਰੀ ਸਰਹੱਦੀ ਪਿੰਡ ਅਟਾਰੀ ’ਚ ਲੱਗੀ ‘ਸਪੋਕਸਮੈਨ ਦੀ ਸੱਥ’
- ਪੰਜਾਬ
- 10 Mar,2025

ਪੰਜਾਬ :ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਅਟਾਰੀ ’ਚ ਉਥੋਂ ਦੇ ਵਸਨੀਕਾਂ ਦਾ ਹਾਲ ਤੇ ਪਿੰਡ ’ਚ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣਨ ਲਈ ਰੋਜ਼ਨਾ ਸਪੋਸਕਮੈਨ ਦੀ ਸੰਪਾਦਕ ਮੈਡਮ ਨਿਮਰਤ ਕੌਰ ਸਮੇਤ ਟੀਮ ਸੱਥ ਲਗਾਉਣ ਪਹੁੰਚੇ। ਪਿੰਡ ਅਟਾਰੀ ਦੀ ਇਕ ਔਰਤ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਵਿਚ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ, ਪਰ ਸੁਖਵਿੰਦਰ ਸਿੰਘ ਨੇ ਹੁਣ ਪਿੰਡ ਦੀਆਂ ਗਲੀਆਂ ਨਵੀਆਂ ਬਣਵਾਈਆਂ ਹਨ
ਸਾਡੇ ਵਰਗੇ ਗ਼ਰੀਬ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ, ਸਾਡੇ ਕੋਲ ਰਹਿਣ ਲਈ ਘਰ ਨਹੀਂ, ਮਗਨਰੇਗਾ ਦਾ ਕੰਮ ਨਹੀਂ ਮਿਲਦਾ ਤੇ ਸਾਡੇ ਨਾਮ ਪਿੰਡ ਦੇ ਵਸਨੀਕਾਂ ’ਚੋਂ ਕੱਟ ਦਿਤੇ ਹਨ ਕਿ ਇਹ ਤਾਂ ਇਥੋਂ ਦੇ ਹੈ ਹੀ ਨਹੀਂ। ਸਾਡੇ ਪਿੰਡ ਦੀ ਸਰਪੰਚ ਸਵਰਨ ਕੌਰ ਹੈ। ਸਾਬਕਾ ਸਰਪੰਚ ਦੇ ਪੁੱਤਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਾਡੇ ਪਿੰਡ ਵਿਚ ਕੋਈ ਕੰਮ ਨਹੀਂ ਹੋਇਆ, ਅਸੀਂ ਗ਼ਰੀਬ ਪਰਿਵਾਰਾਂ ਲਈ 30 ਘਰ ਬਨਵਾਉਣ ਲਈ ਪਾਸ ਕਰਵਾਏ ਸੀ ਪਰ ਸਰਕਾਰ ਨੇ ਉਹ ਵੀ ਕੈਂਸਲ ਕਰ ਦਿਤੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਵੋਟਾਂ ਟਾਈਮ ਤਾਂ ਰਾਜਨੀਤਕ ਪਾਰਟੀਆਂ ਦੇ ਆਗੂ ਹਰ ਰੋਜ਼ ਚੱਕਰ ਕੱਟਦੇ ਸੀ ਪਰ ਜਿੱਤਣ ਤੋਂ ਬਾਅਦ ਸਾਡੇ ਪਿੰਡ ਨਾ ਤਾਂ ਮੌਜੂਦਾ ਵਿਧਾਇਕ ਜਾਂ ਫਿਰ ਕੋਈ ਹੋਰ ਸਰਕਾਰੀ ਅਧਿਕਾਰੀ ਨਹੀਂ ਆਇਆ। ਪਿੰਡ ਦੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਜਦੋਂ ਵੀ ਵੀਡੀਓ ਦੇ ਦਫ਼ਤਰ ਜਾਂਦੇ ਹਨ ਤਾਂ ਉਥੇ ਕੋਈ ਉਚ ਅਧਿਕਾਰੀ ਨਹੀਂ ਮਿਲਦਾ ਤੇ ਹੇਠਲੇ ਪੱਧਰ ਦੇ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਸਾਹਬ ਤਾਂ ਇਨਕੁਆਰੀ ’ਤੇ ਗਏ ਹਨ। ਵੀਡੀਓ ਦੋ ਮਹੀਨੇ ਦੀ ਛੁੱਟੀ ’ਤੇ ਗਿਆ ਹੈ ਹੋਰ ਏਡੀਸੀ ਹੈ ਨਹੀਂ। ਸਾਡੇ ਪਿੰਡ ਕੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨ, ਗ਼ਰੀਬ ਤੇ ਪਿੰਡ ਦਾ ਹਰ ਇਕ ਵਿਅਕਤੀ ਪ੍ਰੇਸ਼ਾਨ ਹੈ। ਪਿਛਲੀ ਸਰਕਾਰ ਮੌਕੇ ਪਿੰਡ ਦੇ 35 ਗ਼ਰੀਬ ਲੋਕਾਂ ਦੇ ਘਰ ਬਨਾਉਣੇ ਮਨਜ਼ੂਰ ਹੋਏ ਸੀ ਤੇ ਸਿਰਫ਼ 5 ਘਰ ਹੀ ਬਣੇ ਸੀ ਤੇ ਸਰਕਾਰ ਬਦਲ ਗਈ ਉਸ ਤੋਂ ਬਾਅਦ ਪਿੰਡ ਵਿਚ ਇਕ ਇੱਟ ਨਹੀਂ ਲੱਗੀ। ਪਿਛਲੀ ਸਰਕਾਰ ਦੌਰਾਨ ਪਿੰਡ ਵਿਚ ਡਿਸਪੈਂਸਰੀ, ਸਕੂਲ, ਗਰਾਊਂਡ , ਪੰਚਾਇਤ ਘਰ, ਸ਼ਮਸ਼ਾਨਘਾਟ ਆਦਿ ਸਭ ਕੁੱਝ ਬਣਿਆ ਪਰ ਉਸ ਤੋਂ ਬਾਅਦ ਪਿੰਡ ਵਿਚ ਚਲ ਰਿਹਾ ਕੰਮ ਵੀ ਮੌਜੂਦਾ ਸਰਕਾਰ ਨੇ ਰੋਕ ਦਿਤਾ। ਪਾਣੀ ਵਾਲੀ ਟੈਂਕੀ ਲਈ ਤਾਂ ਪ੍ਰਸ਼ਾਸਨ ਨੇ ਪੱਲਾ ਹੀ ਝਾੜ ਦਿਤਾ ਹੈ, ਪ੍ਰਸ਼ਾਸਨ ਕਹਿੰਦਾ ਹੁਣ ਪਾਣੀ ਵਾਲੀ ਟੈਂਕੀ ਨੂੰ ਪੰਚਾਇਤ ਚਲਾਏਗੀ। ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ ਪਿੰਡ ਦੀਆਂ ਨਾਲੀਆਂ ਟੁੱਟੀਆਂ ਪਈਆਂ ਹਨ ਤੇ ਜਿਥੋਂ ਪਿੰਡ ਨੂੰ ਪਾਣੀ ਆਉਂਦਾ ਹੈ ਉਥੋਂ ਦੇ ਪਾਈਪ 35 ਸਾਲ ਪਹਿਲਾਂ ਪਾਏ ਸੀ ਤੇ ਉਹ ਹੁਣ ਟੁੱਟੇ ਪਏ ਹਨ ਜਿਨ੍ਹਾਂ ਵਿਚ ਨਾਲੀਆਂ ਦਾ ਪਾਣੀ ਮਿਲ ਜਾਂਦਾ ਹੈ ਤੇ ਪਿੰਡ ਦੇ ਲੋਕ ਉਹੀ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਦੇ ਇਕ ਨੌਜਵਾਨ ਨੇ ਕਿਹਾ ਕਿ ਸਾਡੇ ਪਿੰਡ ਵਿਚ ਨਸ਼ਾ, ਲੁੱਟਮਾਰ ਤੇ ਚੋਰੀਆਂ ਇੰਨੀਆਂ ਵਧ ਗਈਆਂ ਹਨ ਕਿ ਅਸੀਂ ਕੀ ਦਸੀਏ, ਔਰਤਾਂ ਬਾਹਰ ਜਾਣ ਤੋਂ ਡਰਦੀਆਂ ਹਨ। ਸਾਡੇ ਪਿੰਡ ਦੇ ਖੇਤਾਂ ਵਿਚ ਸਰਹੱਦ ਪਾਰੋਂ ਅਣਗਿਣਤ ਡਰੋਨ ਆਉਂਦੇ ਹਨ ਜਿਨ੍ਹਾਂ ਰਾਹੀਂ ਇਧਰ ਨਸ਼ਾ ਭੇਜਿਆ ਜਾਂਦਾ ਹੈ। ਸਾਡਾ ਪਿੰਡ ਨਸ਼ੇ ਦੀ ਮੰਡੀ ਬਣਿਆ ਹੋਇਆ ਹੈ, ਚਿੱਟਾ, ਭੁੱਕੀ, ਅਫ਼ੀਮ ਤੋਂ ਲੈ ਕੇ ਮੈਡੀਕਲ ਦੁਕਾਨਾਂ ਤੋਂ ਮੈਡੀਕਲ ਨਸ਼ਾ ਜਿਹੜਾ ਮਰਜ਼ੀ ਲੈ ਲਓ। ਦੁਕਾਨਾਂ ਦੇ ਹਰ ਰੋਜ਼ ਤਾਲੇ ਟੁੱਟਦੇ ਹਨ, ਥਾਣੇ ਵਿਚ ਕੋਈ ਸੁਣਵਾਈ ਨਹੀਂ ਹੁੰਦੀ ਨਾ ਹੀ ਚੋਰਾਂ ਨੂੰ ਫੜਿਆ ਜਾਂਦਾ ਹੈ। ਪਿੰਡ ਦੀਆਂ ਔਰਤਾਂ ਕਹਿੰਦੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨਸ਼ਾ ਫੈਲਿਆ ਹੋਇਆ ਹੈ, ਅਸੀਂ ਘਰ ਚਲਾਈਏ ਜਾਂ ਫਿਰ ਇਨ੍ਹਾਂ ਦੇ ਨਸ਼ੇ ਪੂਰੇ ਕਰੀਏ। ਸਾਨੂੰ ਮਗਨਰੇਗਾ ਦਾ ਕੰਮ ਇਕ ਮਹੀਨੇ ਵਿਚ ਸਿਰਫ਼ 10 ਦਿਨ ਹੀ ਮਿਲਦਾ ਹੈ। ਪਿੰਡ ਦੇ ਪਾਣੀ ਦੀ ਨਿਕਾਸੀ ਦਾ ਵੀ ਕੋਈ ਹੱਲ ਨਹੀਂ ਹੈ। ਪਿੰਡ ਵਿਚ ਡਿਸਪੈਂਸਰੀ ਹੈ ਪਰ ਉਸ ਵਿਚ ਡਾਕਟਰ ਨਹੀਂ ਹੈ ਤਾਂ ਫਿਰ ਡਿਸਪੈਂਸਰੀ ਦਾ ਕੀ ਕਰਨਾ। ਦਸ ਪਿੰਡਾਂ ਦੇ ਮਰੀਜ਼ ਇਥੇ ਆਉਂਦੇ ਹਨ ਪਰ ਉਨ੍ਹਾਂ ਨੂੰ ਪਰਚੀ ਕੱਟ ਕੇ ਇਥੋਂ 8 ਕਿਲੋਮੀਟਰ ਦੂਰ ਆਮ ਆਦਮੀ ਕਲੀਨਿਕ ਵਿਚ ਭੇਜ ਦਿਤਾ ਜਾਂਦਾ ਹੈ ਕਿ ਦਵਾਈ ਉਥੋਂ ਲੈ ਲਓ ਤੇ ਉਥੋਂ ਵੀ ਪੂਰੀ ਦਵਾਈ ਨਹੀਂ ਮਿਲਦੀ। ਸਰਕਾਰ ਵਲੋਂ ਜਿਹੜੀ ਕਣਕ ਦਿਤੀ ਜਾਂਦੀ ਹੈ ਉਹ ਵੀ ਪੂਰੀ ਨਹੀਂ ਮਿਲਦੀ ਤੇ ਕਈ ਗ਼ਰੀਬ ਘਰਾਂ ਦੀ ਤਾਂ ਕੱਟ ਵੀ ਦਿਤੀ ਹੈ। ਬਜ਼ੁਰਗਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ। ਘਰ ਕੋਲ ਨਾ ਤਾਂ ਪੰਚਾਇਤੀ ਜ਼ਮੀਨ, ਨਾ ਪੈਸਾ ਹੈ, ਪੰਚਾਇਤ ਨੂੰ ਕੋਈ ਆਮਦਨ ਨਹੀਂ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦਾ ਦੌਰਾ ਕਰ ਕੇ ਸਾਡੀਆਂ ਪ੍ਰੇਸ਼ਾਨੀਆਂ ਦਾ ਹੱਲ ਕੀਤਾ ਜਾਵੇ।
Posted By:

Leave a Reply