ਆਧਾਰ ਆਈਡੀ, ਗੁਣਾਤਮਕ ਸਿੱਖਿਆ ਤੇ ਸਾਲਾਨਾ ਪ੍ਰੀਖਿਆਵਾਂ ’ਤੇ ਚਰਚਾ

ਆਧਾਰ ਆਈਡੀ, ਗੁਣਾਤਮਕ ਸਿੱਖਿਆ ਤੇ ਸਾਲਾਨਾ ਪ੍ਰੀਖਿਆਵਾਂ ’ਤੇ ਚਰਚਾ

ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਸਕੂਲ ਆਫ਼ ਐਮੀਨੈਂਸ ਵਿਖੇ ਆਧਾਰ ਆਈਡੀ ਅਤੇ ਹੋਰ ਮਹੱਤਵਪੂਰਨ ਵਿਸ਼ੇ ਵਿਚਾਰਨ ਲਈ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਇੱਕ ਰੋਜ਼ਾ ਮੀਟਿੰਗ ਬੁਲਾਈ ਗਈ। ਮੀਟਿੰਗ ਦੀ ਪ੍ਰਧਾਨਗੀ ਡੀਈਓ ਸੈਕੰਡਰੀ ਮੁਨੀਲਾ ਅਰੋੜਾ ਨੇ ਕੀਤੀ। ਡੀਈਓ ਮੁਨੀਲਾ ਅਰੋੜਾ ਨੇ ਸਕੂਲ ਮੁਖੀਆਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਨੂੰ ਆਧਾਰ ਆਈਡੀ ਬਣਾਉਣ ਦੇ ਕੰਮ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਮੁਖੀਆਂ ਨਾਲ ਦਾਖਲਾ ਮੁਹਿੰਮ ਸ਼ੁਰੂ ਕਰਨ, ਗਰਾਂਟਾਂ ਨੂੰ ਸਮੇਂ ਸਿਰ ਖਰਚਣ, ਬਿਜਨਸ ਬਲਾਸਟਰ, ਸਕੂਲਾਂ ਵਿੱਚ ਦਫਤਰੀ ਰਿਕਾਰਡ ਪੂਰਾ ਕਰਨ ਅਤੇ ਰਿਟਾਇਰੀਆਂ ਦੇ ਪੈਨਸ਼ਨ ਕੇਸਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੇ 100 ਪ੍ਰਤੀਸ਼ਤ ਨਤੀਜੇ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ। ਇਸ ਕ੍ਰਮ ਵਿੱਚ ਡਿਪਟੀ ਡੀਈਓ ਡਾ. ਸਤਿੰਦਰ ਸਿੰਘ ਨੇ ਵਿਦਿਆਰਥੀਆਂ ਕੋਲੋਂ ਲੇਬਰ ਦਾ ਕਿਸੇ ਵੀ ਪ੍ਰਕਾਰ ਦਾ ਕੰਮ ਨਾ ਕਰਵਾਉਣ, ਸਕੂਲਾਂ ਵਿੱਚ ਇਲੈਕਟਰੋਨਿਕ ਯੰਤਰਾਂ ਦੀ ਸਾਂਭ ਸੰਭਾਲ, ਪੋਸਟ ਮੈਟਰਿਕ ਅਤੇ ਹੋਰ ਸਕਾਲਰਸ਼ਿਪ ਸਕੀਮਾਂ ਅਤੇ ਉਲਾਸ ਪ੍ਰੋਜੈਕਟ ਸਬੰਧੀ ਗੱਲਬਾਤ ਕੀਤੀ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਦਿਨੇਸ਼ ਚੌਹਾਨ ਨੇ ਸਕੂਲ ਮੁਖੀਆਂ ਨਾਲ ਪ੍ਰੀ ਬੋਰਡ ਅਤੇ ਆਗਾਮੀ ਪ੍ਰੀਖਿਆਵਾਂ, ਐਲਈਪੀ ਗਰਾਂਟਾਂ ਅਤੇ ਗੁਣਾਤਮਕ ਸਿੱਖਿਆ ਦਾ ਮਾਹੌਲ ਸਿਰਜਣ ਸਬੰਧੀ ਗੱਲਬਾਤ ਕੀਤੀ। ਵੋਕੇਸ਼ਨਲ ਕੋਆਰਡੀਨੇਟਰ ਅਸ਼ਵਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਲਈ ਆਧਾਰ ਆਈਡੀ ਬਣਾਉਣ ਸਮੇਂ ਸਕੂਲ ਮੁਖੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਵੀ ਸੁਝਾਏ। ਸੰਦੀਪ ਕੰਬੋਜ਼ ਗਾਈਡੈਂਸ ਐਂਡ ਕੌਂਸਲਰ ਨੇ ਸਕੂਲ ਮੁਖੀਆਂ ਨਾਲ ਵਿਦਿਆਰਥੀਆਂ ਦੇ ਭਵਿੱਖ ਅਤੇ ਕਰੀਅਰ ਸਬੰਧੀ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਸਕੂਲ ਆਫ ਐਮੀਨਸ ਰਾਜੇਸ਼ ਮਹਿਤਾ, ਸਟੈਨੋ ਸੁਖਚੈਨ ਸਿੰਘ ਡੀਈਓ ਦਫਤਰ, ਦਿਨੇਸ਼ ਕਲਰਕ ਡੀਈਓ ਦਫਤਰ, ਫਿਰੋਜ਼ਪੁਰ ਦੇ ਸਮੂਹ ਸਕੂਲ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਤੋਂ ਇਲਾਵਾ ਸਾਰੇ ਬਲਾਕਾਂ ਦੇ ਬੀਆਰਸੀ ਵੀ ਮੌਜ਼ੂਦ ਸਨ।