ਸਾਡੇ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਕਰਵਾਈਆਂ ਜਾਣਗੀਆਂ ਨਿਗਮ ਚੋਣਾਂ

ਸਾਡੇ ਤਿੰਨ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਹੇਠ ਕਰਵਾਈਆਂ ਜਾਣਗੀਆਂ ਨਿਗਮ ਚੋਣਾਂ

ਅੰਮ੍ਰਿਤਸਰ : ਪੁਲਿਸ ਪ੍ਰਸ਼ਾਸਨ ਨੇ ਮਹਾਂਨਗਰ ਵਿਚ ਨਿਗਮ ਚੋਣਾ ਕਰਵਾਉਣ ਲਈ ਕਮਰ ਕੱਸ ਲਈ ਹੈ। ਪੋਲੰਿਗ ਸਟੇਸ਼ਨਾਂ, ਨਾਕਾ ਪੁਆਇੰਟਾਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਤੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਸ਼ਹਿਰ ਦੀਆਂ ਕੁੱਲ 110 ਥਾਵਾਂ ’ਤੇ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਗਈ ਹੈ। ਜੇਕਰ ਚੋਣਾ ਦੌਰਾਨ ਕੋਈ ਲੜਾਈ ਜਾਂ ਕਿਸੇ ਕਿਸਮ ਦੀ ਹਿੰਸਾ ਹੁੰਦੀ ਹੈ ਤਾਂ ਉਸ ਨੂੰ ਕਾਬੂ ਕਰਨ ਲਈ 90 ਪੀਸੀਆਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜੋ ਸੂਚਨਾ ਮਿਲਣ ਦੇ ਪੰਜ ਮਿੰਟਾਂ ਵਿਚ ਤੁਰੰਤ ਮੌਕੇ ’ਤੇ ਪਹੁੰਚ ਜਾਵੇਗੀ। ਦੂਜੇ ਪਾਸੇ ਸ਼ੁੱਕਰਵਾਰ ਸ਼ਾਮ ਨੂੰ ਚੋਣਾ ਨੂੰ ਸੁਚਾਰੂ ਢੰਗ ਨਾਲ ਕਰਵਾਉਂਣ ਲਈ ਸੀਪੀ ਦਫ਼ਤਰ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਪੁਰਾਣੇ ਅਪਰਾਧੀਆਂ ਨੂੰ ਨੱਥ ਪਾਉਂਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਕੋਈ ਸ਼ਹਿਰ ਵਿਚ ਹੰਗਾਮਾ ਕਰਨ ਜਾਂ ਦੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀ ਜਾਂ ਉਨ੍ਹਾਂ ਦੇ ਘਰ ਨੇੜੇ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ। ਸ਼ਿਕਾਇਤ ਕਰਨ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਚੋਣ ਕਮਿਸ਼ਨ ਵੱਲੋਂ ਸ਼ਨਿਚਵਾਰ ਨੂੰ ਸ਼ਹਿਰ ਦੇ 85 ਵਾਰਡਾਂ ਵਿਚ ਨਗਰ ਨਿਗਮ ਚੋਣਾ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਸਾਢੇ ਤਿੰਨ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਲੋੜ ਪੈਣ ’ਤੇ ਥਾਣਿਆਂ ਦੇ ਹੋਰ ਪੁਲਿਸ ਮੁਲਾਜ਼ਮ ਵੀ ਨਾਕਾ ਪੁਆਇੰਟਾਂ ਜਾਂ ਹੋਰ ਥਾਵਾਂ ’ਤੇ ਤਾਇਨਾਤ ਕੀਤੇ ਜਾ ਸਕਦੇ ਹਨ। ਸੀਪੀ ਨੇ ਸਮੂਹ ਅਧਿਕਾਰੀਆਂ, ਥਾਣਾ ਇੰਚਾਰਜਾਂ ਅਤੇ ਚੌਕੀ ਇੰਚਾਰਜਾਂ ਨੂੰ ਚੋਣਾ ਦੌਰਾਨ ਸ਼ਹਿਰ ਦੇ ਹਰ ਕੋਨੇ-ਕੋਨੇ ਤੇ ਨਜ਼ਰ ਰੱਖਣ ਲਈ ਕਿਹਾ ਹੈ।