ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਨਵੀਨੀਕਰਨ ਮਗਰੋਂ ਲੁਧਿਆਣਾ ਦਾ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ

ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਨਵੀਨੀਕਰਨ ਮਗਰੋਂ ਲੁਧਿਆਣਾ ਦਾ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ

ਲੁਧਿਆਣਾ : ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਦੇ ਮੰਤਵ ਨਾਲ ਇਕ ਹੋਰ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਖ ਮਿਲਣ ਮਗਰੋਂ ਸਿਵਲ ਹਸਪਤਾਲ ਲੋਕਾਈ ਨੂੰ ਸਮਰਪਿਤ ਕੀਤਾ।

ਸੂਬਾ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਕਾਇਆ-ਕਲਪ ਹੋਈ ਹੈ ਅਤੇ ਇੱਥੇ ਕਈ ਮਿਸਾਲੀ ਪਹਿਲਕਦਮੀਆਂ ਸਫ਼ਲਤਾ ਪੂਰਵਕ ਲਾਗੂ ਕੀਤੀਆਂ ਗਈਆਂ ਹਨ। ਇਸ ਨਾਲ ਨਾ ਸਿਰਫ਼ ਹਸਪਤਾਲ ਦੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਹੋਇਆ ਹੈ, ਸਗੋਂ ਇਸ ਤੋਂ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਝਲਕਦੀ ਹੈ। ਇਸ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਨਾਲ ਜਨਤਕ ਸਿਹਤ ਸੰਭਾਲ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਸਾਂਝੀ ਵਚਨਬੱਧਤਾ ਦਾ ਪਤਾ ਲੱਗਦਾ ਹੈ।

ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਮਰੀਜ਼ਾਂ ਦੀ ਮਿਆਰੀ ਸਾਂਭ-ਸੰਭਾਲ ਦੀ ਵਚਨਬੱਧਤਾ ਤਹਿਤ ਇਨ੍ਹਾਂ ਪਹਿਲਕਦਮੀਆਂ ਨੂੰ ਬਾਰੀਕੀ ਨਾਲ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਗਿਆ ਹੈ। ਇਨ੍ਹਾਂ ਹੰਭਲਿਆਂ ਦਾ ਮੰਤਵ ਹਸਪਤਾਲ ਵਿਚਲੀਆਂ ਸਹੂਲਤਾਂ ਦਾ ਆਧੁਨਿਕੀਕਰਨ, ਮਰੀਜ਼ਾਂ ਦੀ ਸਹੂਲਤ ਵਿੱਚ ਵਾਧਾ ਅਤੇ ਸੁਰੱਖਿਅਤ ਤੇ ਸਾਫ਼-ਸੁਥਰਾ ਮਾਹੌਲ ਯਕੀਨੀ ਬਣਾਉਣਾ ਹੈ। ਲੋਕਾਂ ਦੀ ਸਹੂਲਤ ਲਈ ਤਕਰੀਬਨ ਇਕ ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਆਰਥੋਪੈਡਿਕ ਅਪਰੇਸ਼ਨ ਥੀਏਟਰ ਬਣਾਇਆ ਗਿਆ ਹੈ, ਜਿਸ ਨਾਲ ਹਸਪਤਾਲ ਵਿੱਚ ਅਪਰੇਸ਼ਨ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।

ਇਸ ਵਿਸ਼ਵ ਪੱਧਰੀ ਹਸਪਤਾਲ ਵਿੱਚ ਅਪਰੇਸ਼ਨ ਸਬੰਧੀ ਅਤਿ-ਆਧੁਨਿਕ ਤਕਨਾਲੋਜੀ ਤੇ ਉਪਰਕਰਨਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਨਾਲ ਇੱਥੇ ਆਰਥੋਪੈਡਿਕ ਨਾਲ ਸਬੰਧਤ ਗੁੰਝਲਦਾਰ ਪ੍ਰਕਿਰਿਆ ਨੂੰ ਕਾਰਜਕੁਸ਼ਲ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਇਸ ਆਧੁਨਿਕ ਡਿਜ਼ਾਇਨ ਨਾਲ ਹਸਪਤਾਲ ਵਿੱਚ ਰੋਗਾਣੂ ਰਹਿਤ ਮਾਹੌਲ ਯਕੀਨੀ ਬਣੇਗਾ, ਜਿਸ ਨਾਲ ਮਰੀਜ਼ਾਂ ਦੀ ਸੁਰੱਖਿਆ ਵਧੇਗੀ ਅਤੇ ਉਹ ਅਪਰੇਸ਼ਨ ਤੋਂ ਬਾਅਦ ਛੇਤੀ ਸਿਹਤਯਾਬ ਹੋਣਗੇ। ਇਸੇ ਤਰ੍ਹਾਂ ਓ.ਪੀ.ਡੀ., ਐਮਰਜੈਂਸੀ ਯੂਨਿਟ ਅਤੇ ਇਨਪੇਸ਼ੈਂਟ ਵਾਰਡਾਂ ਵਿਚਲੇ ਸਾਰੇ ਪਖ਼ਾਨਿਆਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ।

#ArvindKejriwal #BhagwantMann #LudhianaHospital #PunjabHealthCare #HealthForAll #CivilHospitalLudhiana #AAPGovernment