ਹਾਈਕੋਰਟ ‘ਚ ਅੰਮ੍ਰਿਤਸਰ ਮੇਅਰ ਚੋਣ ਸਬੰਧੀ ਪਟੀਸ਼ਨ ਖਾਰਜ ਹੋਣ ‘ਤੇ ‘ਆਪ’ ਨੇ ਕਿਹਾ- ਕਾਂਗਰਸੀ ਆਗੂਆਂ ਨੇ ਇਸ ਮੁੱਦੇ ‘ਤੇ ਝੂਠਾ ਡਰਾਮਾ ਕੀਤਾ

ਹਾਈਕੋਰਟ ‘ਚ ਅੰਮ੍ਰਿਤਸਰ ਮੇਅਰ ਚੋਣ ਸਬੰਧੀ ਪਟੀਸ਼ਨ ਖਾਰਜ ਹੋਣ ‘ਤੇ ‘ਆਪ’ ਨੇ ਕਿਹਾ- ਕਾਂਗਰਸੀ ਆਗੂਆਂ ਨੇ ਇਸ ਮੁੱਦੇ ‘ਤੇ ਝੂਠਾ ਡਰਾਮਾ ਕੀਤਾ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਮੇਅਰ ਦੀ ਚੋਣ ਨਾਲ ਸਬੰਧਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸ ਨੇ ਜਾਣਬੁੱਝ ਕੇ ਤਿੰਨ ਦਿਨ ਤੱਕ ਹਾਈ ਵੋਲਟੇਜ ਡਰਾਮਾ ਰਚਿਆ, ਜਦੋਂਕਿ ਚੋਣਾਂ ਵਿੱਚ ਕਿਸੇ ਕਿਸਮ ਦੀ ਕੋਈ ਧਾਂਦਲੀ ਨਹੀਂ ਹੋਈ।

ਨੀਲ ਗਰਗ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਆਗੂ ਮੇਅਰ ਚੋਣਾਂ ਨੂੰ ਲੈ ਕੇ ਝੂਠ ਫੈਲਾ ਰਹੇ ਸਨ ਪਰ ਅਦਾਲਤ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਗਰਗ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਚਾਹੇ ਕੋਈ ਜਿੰਨੇ ਮਰਜ਼ੀ ਇਲਜ਼ਾਮ, ਜਵਾਬੀ ਇਲਜ਼ਾਮ ਅਤੇ ਝੂਠ ਕਿਉਂ ਨਾ ਫੈਲਾ ਲਵੇ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੇ ਚੋਣ ਪ੍ਰਕਿਰਿਆ ਰਾਹੀਂ ਆਪਣਾ ਮੇਅਰ ਬਣਾਇਆ ਹੈ। ਉਥੇ ਬਹੁਮਤ ਸਾਡੇ ਨਾਲ ਸੀ ਅਤੇ ਕੈਮਰਿਆਂ ਦੇ ਸਾਹਮਣੇ ਚੋਣ ਕਰਵਾਈ ਗਈ। ਸਭ ਕੁਝ ਰਿਕਾਰਡ ‘ਤੇ ਹੈ। ਕਾਂਗਰਸ ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕਾਂਗਰਸੀ ਆਗੂਆਂ ਨੂੰ ਇਹ ਸਭ ਬੰਦ ਕਰਕੇ ਲੋਕਾਂ ਦੇ ਮੁੱਦੇ ਉਠਾਉਣੇ ਚਾਹੀਦੇ ਹਨ।