ਤਿੰਨਾਂ ਹਲਕਿਆਂ ’ਚ ਕਾਂਗਰਸ ਦਾ ਆਧਾਰ ਲਗਾਤਾਰ ਵੱਧ ਰਿਹੈ : ਕਾਲਾ ਢਿੱਲੋਂ

ਤਿੰਨਾਂ ਹਲਕਿਆਂ ’ਚ ਕਾਂਗਰਸ ਦਾ ਆਧਾਰ ਲਗਾਤਾਰ ਵੱਧ ਰਿਹੈ : ਕਾਲਾ ਢਿੱਲੋਂ

ਧਨੌਲਾ : ਬਰਨਾਲਾ ਜ਼ਿਲ੍ਹੇ ਦੇ ਤਿੰਨੇ ਹਲਕਿਆਂ ’ਚ ਕਾਂਗਰਸ ਪਾਰਟੀ ਦਾ ਆਧਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਦਕਿ ਸੂਬੇ ਦੇ ਲੋਕ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਇਹ ਪ੍ਰਗਟਾਵਾ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਟਰੱਕ ਯੂਨੀਅਨ ਧਨੌਲਾ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਜਟਾਣਾ ਦੇ ਮਾਤਾ ਕਰਨੈਲ ਕੌਰ ਜਟਾਣਾ ਜੀ ਦੇ ਭੋਗ ਦੀ ਅੰਤਿਮ ਅਰਦਾਸ ’ਚ ਆਪਣੀ ਹਾਜ਼ਰੀ ਲਗਵਾਉਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਕਾਲਾ ਢਿੱਲੋਂ ਨੇ ਕਿਹਾ ਕਿ ਦਿੱਲੀ ’ਚ ਵੀ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੋ ਚੁੱਕੀ ਹੈ। ਕਿਉਂਕਿ ਹੁਣ ਲੋਕ ਪਹਿਲਾਂ ਵਾਂਗੂ ਕਾਂਗਰਸ ਪਾਰਟੀ ਦੇ ਰਾਜ ਦੀ ਸੇਵਾ ਲੈਣ ਲਈ ਉਤਾਵਲੇ ਹਨ। ਕਾਲਾ ਢਿੱਲੋਂ ਨੇ ਸੂਬੇ ਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਿਰ ਅਰਬਾਂ ਦਾ ਕਰਜ਼ਾ ਚੜ੍ਹਾ ਦਿੱਤਾ ਹੈ, ਜੋ ਬਾਕੀ ਰਹਿੰਦੇ ਕੁੱਝ ਸਾਲਾਂ ’ਚ ਇਸ ਤੋਂ ਵੀ ਦੁਗਣਾ ਹੋ ਜਾਵੇਗਾ। ‘ਆਪ’ ਸਰਕਾਰ ਵੱਲੋਂ ਪੰਜਾਬ ਨੂੰ ਕੰਗਾਲੀ ਦੇ ਰਸਤੇ ਵੱਲ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ ਤੇ ਹਾਲਾਤ ਅਜਿਹੇ ਬਣ ਗਏ ਹਨ ਕਿ ਸ਼ਾਮ ਨੂੰ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਤੇ ਵਪਾਰੀਆਂ ਦਾ ਵੀ ਜਿਊਣਾ ਦੁੱਭਰ ਕੀਤਾ ਹੋਇਆ ਹੈ। ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ’ਤੇ ਸੁਰੱਖਿਅਤ ਨਹੀਂ ਹੈ ਤੇ ਪੰਜਾਬ ਦੀ ਇਹ ਬਦਕਿਸਮਤੀ ਹੈ ਕਿ ਇੱਥੇ ਆਪ ਪਾਰਟੀ ਦੀ ਸਰਕਾਰ ਦਾ ਰਾਜ ਆਇਆ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਅਜੇ ਕੁਮਾਰ ਗਰਗ, ਸੁਰਿੰਦਰ ਪਾਲ ਬਾਲਾ, ਸਰਪੰਚ ਚਰਨਜੀਤ ਸਿੰਘ ਪੰਮਾ ਜਟਾਣਾ, ਅਮਨ ਜਟਾਣਾ ਤੇ ਭਰਪੂਰ ਸਿੰਘ ਆਦਿ ਹਾਜ਼ਰ ਸਨ।