ਭਿੱਖੀਵਿੰਡ : ਨਗਰ ਸੁਰਸਿੰਘ ਵਿਖੇ ਸੱਚਖੰਡ ਵਾਸੀ ਬਾਬਾ ਦਯਾ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ 18 ਜਨਵਰੀ ਨੂੰ ਸੰਤ ਬਾਬਾ ਅਵਤਾਰ ਸਿੰਘ ਜੀ ਦੇ ਯਤਨਾਂ ਸਦਕਾ ਬੱਚਿਆਂ ਦੇ ਕਵੀਸ਼ਰੀ, ਦਸਤਾਰ, ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕਿ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀ ਪਹਿਲੇ ਦਰਜੇ ’ਤੇ ਰਹੇ। ਸਭ ਤੋਂ ਪਹਿਲਾਂ ਸਕੂਲ ਦੇ ਜੂਨੀਅਰ ਗਰੁੱਪ ਨੇ ਕਵੀਸ਼ਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਜਿਸ ਵਿਚ ਹੁਸਨਪ੍ਰੀਤ ਸਿੰਘ, ਮਨਰਾਜ ਸਿੰਘ, ਜੁਗਰਾਜ ਸਿੰਘ, ਅੰਕਿਤਾ ਵੋਹਰਾ, ਮਹਿਕਦੀਪ ਕੌਰ ਅਤੇ ਜੁਗਰਾਜ ਸਿੰਘ ਸ਼ਾਮਲ ਸਨ। ਇਨ੍ਹਾਂ ਬੱਚਿਆਂ ਨੇ ਬੜੇ ਹੀ ਚੜ੍ਹਦੀਕਲਾ ਦੀ ਭਾਵਨਾ ਨਾਲ ਕਵੀਸ਼ਰੀ ਗਾਇਨ ਕੀਤੀ ਅਤੇ ਪਹਿਲਾ ਸਥਾਨ ਹਾਸਲ ਕਰ ਕੇ ਇਨਾਮ ਪ੍ਰਾਪਤ ਕੀਤਾ। ਇਸ ਤੋਂ ਬਾਅਦ ਸਕੂਲ ਦੇ ਸੀਨੀਅਰ ਗਰੁੱਪ ਜਿਸ ਵਿਚ ਗੁਰਮਨਦੀਪ ਸਿੰਘ, ਰਮਨਦੀਪ ਸਿੰਘ ਅਤੇ ਜਸਕਰਨਦੀਪ ਸਿੰਘ ਲੜਕਿਆਂ ਨੇ ਕਵੀਸ਼ਰੀ ਪੇਸ਼ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਹੋਰ ਵੀ ਮਹਾਪੁਰਸ਼ਾ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹੋਏ ਗੁਰਸਿੱਖੀ ਜੀਵਨ ਬਿਤਾਉਣ ਅਤੇ ਗੁਰੂ ਘਰ ਦੀ ਸੇਵਾ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਨਗਰ ਪਹੂਵਿੰਡ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਜੋੜ ਮੇਲੇ ਦੇ ਸਬੰਧ ਵਿਚ 19 ਜਨਵਰੀ ਨੂੰ ਧਾਰਮਿਕ ਮੁਕਾਬਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੇ ਯਤਨਾ ਸਦਕਾ ਕਰਵਾਏ ਗਏ। ਉਨ੍ਹਾਂ ਵਿਚ ਵੀ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀ ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਜੂਨੀਅਰ ਗਰੁੱਪ ਦੇ ਬੱਚੇ ਸਨ, ਨੇ ਕਵੀਸ਼ਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੀਨੀਅਰ ਗਰੁੱਪ ਨੇ ਵੀ ਕਵੀਸ਼ਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਵੀ ਬੱਚਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਨਾਲ ਹੀ ਸਕੂਲ ਪਹੁੰਚਣ ’ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਕੰਧਾਲ ਸਿੰਘ ਬਾਠ ਅਤੇ ਪ੍ਰਿੰਸੀਪਲ ਲਖਬੀਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਜਦੋਂ ਬੱਚੇ ਇੰਨੀ ਮਿਹਨਤ ਕਰ ਕੇ ਜਿੱਤ ਪ੍ਰਾਪਤ ਕਰਦੇ ਹਨ ਤਾਂ ਸਕੂਲ ਦੇ ਸਟਾਫ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਕਿਉਂਕਿ ਅੱਜ ਅਸੀਂ ਗੁਰਸਿੱਖੀ ਜੀਵਨ ਤੋਂ ਦੂਰ ਜਾ ਰਹੇ ਹਾਂ ਇਸ ਲਈ ਸਾਨੂੰ ਲੋੜ ਹੈ ਬੱਚਿਆਂ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜਨ ਦੀ ਤਾਂ ਜੋ ਬੱਚੇ ਗੁਰੂ ਘਰ ਦੀ ਸੇਵਾ ਦਾ ਲਾਹਾ ਲੈ ਸਕਣ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ।
Leave a Reply