ਸ਼ਰੇਆਮ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ, ਜਾਣੋ ਪੁਲਿਸ ਅਧਿਕਾਰੀ ਨੇ ਕੀ ਕਿਹਾ

ਸ਼ਰੇਆਮ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ, ਜਾਣੋ ਪੁਲਿਸ ਅਧਿਕਾਰੀ ਨੇ ਕੀ ਕਿਹਾ

ਲੁਧਿਆਣਾ :  ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿਖੇ ਸਥਿਤ ਦਸ਼ਮੇਸ਼ ਪੈਟਰੋਲ ਪੰਪ 'ਤੇ ਦੋ ਮੋਟਰਸਾਈਕਲ ਸਵਾਰਾਂ ਨੇ ਦਿਨ-ਦਿਹਾੜੇ ਕਰਿੰਦੇ ਦੀ ਕੁੱਟਮਾਰ ਕਰਕੇ ਕਰੀਬ 11000 ਰੁਪਏ ਲੁੱਟ ਲਏ ਸਨ ਨੂੰ ਜੋਧਾਂ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਕੁੱਝ ਘੰਟਿਆਂ ਵਿਚ ਹੀ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹੀ 10,570 ਰੁਪਏ ਦੀ ਨਗਦੀ ਬਰਾਮਦ ਕਰ ਲਈ ਹੈ ।

ਡੀ. ਐੱਸ. ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ 20 ਫਰਵਰੀ ਨੂੰ ਵਕਤ ਕਰੀਬ 01:00 ਵਜੇ ਦੁਪਿਹਰ ਦਾ ਹੋਵੇਗਾ ਕਿ ਸ਼ਿਵ ਸ਼ੰਕਰ ਪੁੱਤਰ ਰਾਘਵ ਰਾਮ ਵਾਸੀ ਸਿਕਰੋਹਰਾ ਡਾਕਘਰ ਰਾਣੀਮਊ ਤਰਾਈ ਜ਼ਿਲ੍ਹਾ ਬਾਰਾਬਾਂਕੀ, ਉੱਤਰ ਪ੍ਰਦੇਸ਼, ਹਾਲ ਵਾਸੀ ਦਸ਼ਮੇਸ਼ ਫਿਲਿੰਗ ਸਟੇਸ਼ਨ, ਨਾਰੰਗਵਾਲ ਕਲਾਂ, ਥਾਣਾ ਜੋਧਾਂ, ਰੋਜ਼ਾਨਾ ਦੀ ਤਰਾ ਤੇਲ ਪਾਉਣ ਦਾ ਕੰਮ ਕਰ ਰਿਹਾ ਸੀ ਤਾਂ ਉਸਦਾ ਸਾਥੀ ਆਸ਼ੀਸ਼ ਕੁਮਾਰ ਸ਼ੁਕਲਾ, ਪਿੰਡ ਨਾਰੰਗਵਾਲ ਖੁਰਦ ਤੋ ਉਧਾਰ ਦਿੱਤੇ ਤੇਲ ਦੇ ਪੈਸੇ ਲੈਣ ਗਿਆ ਹੋਇਆ ਸੀ ਤਾਂ ਦੋ ਮੋਨੇ ਨੌਜਵਾਨ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਪੈਟਰੋਲ ਪੰਪ ਉਤੇ ਆਏ ਅਤੇ ਸ਼ਿਵ ਸ਼ੰਕਰ ਨੂੰ 100 ਰੁਪਏ ਦਾ ਤੇਲ ਪਾਉਣ ਲਈ ਕਿਹਾ ਤਾਂ ਇਸ ਦੌਰਾਨ ਮੋਟਰਸਾਇਕਲ ਦੇ ਪਿੱਛੇ ਬੈਠਾ ਨੌਜਵਾਨ ਉੱਤਰ ਕੇ ਸ਼ਿਵ ਸ਼ੰਕਰ ਦੇ ਪਿੱਛੇ ਖੜ੍ਹਾ ਹੋ ਗਿਆ ਅਤੇ ਦੂਸਰਾ ਨੌਜਵਾਨ ਮੋਟਰ ਸਾਈਕਲ 'ਤੇ ਹੀ ਬੈਠਾ ਰਿਹਾ। 

ਇਸ ਦੌਰਾਨ ਜਦੋਂ ਸ਼ਿਵ ਸ਼ੰਕਰ ਤੇਲ ਪਾ ਕੇ ਪੈਸੇ ਲੈਣ ਲੱਗਾ ਤਾਂ ਦੋਵੇਂ ਨੌਜਵਾਨਾਂ ਨੇ ਸ਼ਿਵ ਸ਼ੰਕਰ ਦੇ ਗਲੇ ਵਿਚ ਪਾਇਆ ਕਰਾਸ ਬੈਗ ਜਿਸ ਵਿਚ ਤਕਰੀਬਨ 10-11 ਹਜ਼ਾਰ ਰੁਪਏ ਕੈਸ਼ ਸੀ ਨੂੰ ਉਸਦੀ ਕੁੱਟਮਾਰ ਕਰਕੇ ਖੋਹ ਲਿਆ ਤੇ ਉਸਦੇ ਰੋਲਾ ਪਾਉਣ ਤੇ ਦੋਵੇਂ ਨੌਜਵਾਨ ਮੋਟਰਸਾਈਕਲ ਪਰ ਸਵਾਰ ਹੋ ਕੇ ਫਰਾਰ ਹੋ ਗਏ।

 ਪੁਲਸ ਪਾਰਟੀ ਵੱਲੋਂ ਦੋਸ਼ੀਆਨ ਨਿੱਕਾ ਪੁੱਤਰ ਕੁਲਵੰਤ ਸਿੰਘ ਵਾਸੀ ਨਾਰੰਗਵਾਲ 'ਤੇ ਵਿੱਕੀ ਪੁੱਤਰ ਕਮਲਜੀਤ ਸਿੰਘ ਵਾਸੀ ਮਾਜਰੀ ਹਾਲ ਵਾਸੀ ਘੁੰਗਰਾਣਾ ਨੂੰ ਪਿੰਡ ਲੋਹਗੜ੍ਹ ਨਜ਼ਦੀਕ ਕਾਬੂ ਕਰ ਲਿਆ ਗਿਆ। ਜਿੰਨਾਂ ਪਾਸੋਂ ਸ਼ਿਵ ਸ਼ੰਕਰ ਪਾਸੋਂ ਖੋਹ ਕੀਤੇ 10,570/- ਰੁਪਏ ਅਤੇ ਇਕ ਪਲੈਟੀਨਾ ਮੋਟਰਸਾਈਕਲ ਬ੍ਰਾਮਦ ਕਰਕੇ ਉਨ੍ਹਾਂ ਵਿਰੁੱਧ ਜੇਰੇ ਧਾਰਾ 307, 3 (5) ਬੀ ਐੱਨ ਐੱਸ ਅਧੀਨ ਕੇਸ ਦਰਜ ਕਰ ਲਿਆ ਗਿਆ ।