ਮਸਲਿਆਂ ਦੇ ਹੱਲ ਦੇ ਭਰੋਸੇ ਮਗਰੋਂ ਇਫਟੂ ਨੇ ਡੀਸੀ ਦਫਤਰ ਅੱਗੇ ਲਾਇਆ ਧਰਨਾ ਕੀਤਾ ਸਮਾਪਤ

ਮਸਲਿਆਂ ਦੇ ਹੱਲ ਦੇ ਭਰੋਸੇ ਮਗਰੋਂ ਇਫਟੂ ਨੇ ਡੀਸੀ ਦਫਤਰ ਅੱਗੇ ਲਾਇਆ ਧਰਨਾ ਕੀਤਾ ਸਮਾਪਤ

ਗੁਰਦਾਸਪੁਰ: ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਵਿੱਚ ਉਸਾਰੀ ਕਿਰਤੀਆਂ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਵਿਖੇ ਲੱਗਾ ਪੱਕਾ ਧਰਨਾ ਅੱਜ ਸਮਾਪਤ ਹੋ ਗਿਆ। ਇਫਟੂ ਦੀ ਜ਼ਿਲ੍ਹਾ ਕਮੇਟੀ ਦੇ ਆਗੂਆਂ ਜੋਗਿੰਦਰ ਪਾਲ ਪਨਿਆੜ ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਸੁਨੀਲ ਕੁਮਾਰ ਬਰਿਆਰ ਅਤੇ ਗੁਰਮੀਤ ਰਾਜ ਪਾਹੜਾ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਸੀ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਵੇ ਅਤੇ ਉਸਾਰੀ ਕਿਰਤੀਆਂ ਦੇ ਪਿਛਲੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਦਾ ਹੱਲ ਕੀਤਾ ਜਾਵੇ।

ਆਗੂਆਂ ਕਿਹਾ ਕਿ ਅੱਜ ਧਰਨੇ ਦੇ ਦੂਸਰੇ ਦਿਨ ਇਫਟੂ ਆਗੂਆਂ ਦੀ ਸਾਂਝੀ ਮੀਟਿੰਗ ਇਫਟੂ ਦੀ ਜ਼ਿਲ੍ਹਾ ਕਮੇਟੀ,ਐੱਸਡੀਐੱਮ ਗੁਰਮੀਤ ਸਿੰਘ ਰਜ਼ਾਦਾ ਅਤੇ ਲੇਬਰ ਇਨਫੋਸਮੈਂਟ ਅਫ਼ਸਰ ਨਵਦੀਪ ਸਿੰਘ ਨਾਲ ਸਾਂਝੇ ਤੌਰ ਤੇ ਕਰਵਾਈ ਗਈ। ਇਫਟੂ ਦੀ ਜ਼ਿਲ੍ਹਾ ਕਮੇਟੀ ਨੇ ਮਜ਼ਦੂਰਾਂ ਦੀਆਂ ਸਕੀਮਾਂ ਦਾ ਰਿਕਾਰਡ ਲੇਬਰ ਮਹਿਕਮੇ ਨੂੰ ਸੌਂਪਿਆ। ਲੇਬਰ ਮਹਿਕਮੇ ਦੇ ਅਧਿਕਾਰੀਆਂ ਨੇ 14 ਫ਼ਰਵਰੀ ਤੱਕ ਮਜ਼ਦੂਰਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ,ਬੀਬੀ ਕਾਂਤਾ ਬਰਿਆਰ, ਪਵਨ ਮੀਰਪੁਰ, ਜਯੋਤੀ ਲਾਲ ਪਾਹੜਾ, ਵੱਸਣ ਸਿੰਘ ਨੰਬਰਦਾਰ ਚਿੱਟੀ, ਨਿਸ਼ਾਨ ਸਿੰਘ ਭਾਈ ਕਾ ਪਿੰਡ, ਵਸਣ ਸਿੰਘ ਬੂਲੇਵਾਹ ,ਹਰਭਜਨ ਲਾਲ,ਪਵਨ ਬਹਿਰਾਮਪੁਰ, ਮੰਗਲਜੀਤ ਦੀਨਾਨਗਰ, ਅਸ਼ਵਨੀ ਕੁਮਾਰ ਈਸੇਪਰ, ਵਿਜੇ ਜਗਤਪੁਰ, ਕਮਲ ਕਿਸ਼ੋਰ, ਮੁਖਤਿਆਰ ਸਿੰਘ, ਕਸ਼ਮੀਰ ਮਸੀਹ ਸਰਸਪੁਰ, ਸਤਪਾਲ, ਸੁਰਿੰਦਰ,ਰਾਜਕੁਮਾਰ,ਦਲਬੀਰ ਸਿੰਘ ਨੀਲਕਲਾਂ,ਜਰਨੈਲ ਸਿੰਘ ਆਦਿ ਨੇ ਸੰਬੋਧਨ ਕੀਤਾ।