ਕੱਬਡੀ ਖਿਡਾਰੀ ਦਾ ਗੋਲੀਆਂ ਮਾਰਕੇ ਕੀਤਾ ਕਤਲ, ਮਹੀਨਾਂ ਪਹਿਲਾਂ ਹੋਇਆ ਸੀ ਵਿਆਹ

ਤਰਨਤਾਰਨ -

ਪੰਜਾਬ ਦੇ ਮਾਝੇ ਏਰੀਏ ਵਿੱਚ ਹਰ ਰੋਜ਼ ਗੋਲੀਆਂ ਮਾਰਕੇ ਕਤਲ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ। ਆਏ ਦਿਨੀਂ ਗੋਲੀਬਾਰੀ, ਕਤਲ ਦੀਆਂ ਘਟਨਾਵਾਂ ਤੋਂ ਇਲਾਵਾ ਲੁੱਟ ਖੋਹ ਦੀਆਂ ਘਟਨਾਵਾਂ ਸ਼ਰੇਆਮ ਵਾਪਰ ਰਹੀਆਂ ਹਨ। ਇਨ੍ਹਾਂ ਮਾਮਲਿਆਂ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਗੱਲ ਆਖ ਕੇ ਪੱਲਾ ਝਾੜ ਲਿਆ ਜਾਂਦਾ ਹੈ ਪਰ ਆਮ ਲੋਕ ਹੁਣ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪਨੂੰਆਂ ’ਚ ਐਤਵਾਰ ਦੇਰ ਸ਼ਾਮ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਮਰਨ ਵਾਲੇ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਵਜੋਂ ਹੋਈ ਹੈ। ਜੋ ਕਿ ਕਬੱਡੀ ਖਿਡਾਰੀ ਸੀ। ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਤਲ ਪਿਛਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੋਨੀ ਕਬੱਡੀ ਖਿਡਾਰੀ ਸੀ ਉਸਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਇਕ ਮਹੀਨਾ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਗੁਰਕ੍ਰਿਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।