ਸਭਰਾ ਵਿੱਚ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੋਂ ਖ਼ਫ਼ਾ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

ਸਭਰਾ ਵਿੱਚ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੋਂ ਖ਼ਫ਼ਾ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

ਤਰਨ ਤਾਰਨ :ਸਭਰਾ ਵਿਖੇ ਰੇਤ ਦੀਆਂ ਖੱਡਾਂ ਲਗਾਉਣ ਨੂੰ ਲੈ ਕੇ ਜਿੱਥੇ ਬੀਤੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਲਾਠੀਚਾਰਜ ਕਰ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿਸ ਦੇ ਚਲਦਿਆਂ ਅੱਜ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਿੰਡ ਸਭਰਾ ਵਿੱਚ ਭਾਰੀ ਇਕੱਠ ਕਰ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ ਦਿੱਤਾ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਅਜਿਹੀ ਕਾਰਵਾਈ ਖ਼ਿਲਾਫ਼ ਵੱਡਾ ਐਲਾਨ ਕੀਤਾ ਗਿਆ ਹੈ। 

ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਹੜ੍ਹ ਪੀੜਤ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਸਮੇਤ ਵੱਖ-ਵੱਖ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਇਲਾਕੇ ਵਿੱਚ ਲੁੱਟ-ਖੋਹ, ਗੈਂਗਸਟਰਵਾਦ ਵਰਗੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਲੋਕ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਲਈ ਜਾਂਦੇ ਹਨ ਪਰੰਤੂ ਪ੍ਰਸ਼ਾਸਨ ਅੱਗੋਂ ਨਫ਼ਰੀ ਘੱਟ ਹੋਣ ਦਾ ਦਾਅਵਾ ਕਰਦਾ ਹੈ। 

ਪ੍ਰੰਤੂ ਬੀਤੇ ਦਿਨ ਜੋ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਨੂੰ ਨਾਲ ਲੈ ਕੇ ਕਿਸਾਨਾਂ ਉੱਪਰ ਲਾਠੀ ਚਾਰਜ ਕੀਤਾ ਗਿਆ ਹੈ । ਇਸ ਤੋਂ ਜਾਪਦਾ ਹੈ ਕਿ ਪ੍ਰਸ਼ਾਸਨ ਨਫ਼ਰੀ ਘੱਟ ਹੋਣ ਦਾ ਢੋਂਗ ਰਚਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਅਜਿਹੀ ਗੁੰਡਾਗਰਦੀ ਖ਼ਿਲਾਫ਼ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ।
 ਉੱਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜਿਹਨਾਂ ਜ਼ਮੀਨਾਂ ਵਿਚ ਖੱਡਾਂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਜ਼ਮੀਨਾਂ ਦਰਅਸਲ ਕਿਸਾਨਾਂ ਦੀਆਂ ਹਨ ਜੋ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਈਆਂ ਹਨ। ਇਸ ਲਈ ਇਨ੍ਹਾਂ ਜ਼ਮੀਨਾਂ ਵਿਚੋਂ ਰੇਤਾਂ ਖੇਤਾਂ ਦੇ ਮਾਲਕ ਹੀ ਚੁਕ ਸਕਣਗੇ। ਪ੍ਰਸ਼ਾਸਨ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।