ਸਮਾਜਿਕ ਕਾਰਕੁਨ ਮੇਧਾ ਪਾਟਕਰ 23 ਸਾਲ ਪੁਰਾਣੇ ਮਾਣਹਾਨੀ ਕੇਸ ਵਿਚ ਗ੍ਰਿਫ਼ਤਾਰ

ਸਮਾਜਿਕ ਕਾਰਕੁਨ ਮੇਧਾ ਪਾਟਕਰ 23 ਸਾਲ ਪੁਰਾਣੇ ਮਾਣਹਾਨੀ ਕੇਸ ਵਿਚ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ 23 ਸਾਲ ਪੁਰਾਣੇ ਮਾਣਹਾਨੀ ਕੇਸ ਵਿਚ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਕੋਰਟ ਨੇ ਅਜੇ ਦੋ ਦਿਨ ਪਹਿਲਾਂ ਪਾਟਕਰ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।

ਮਾਣਹਾਨੀ ਕੇਸ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਸਾਲ 2000 ਵਿਚ ਦਰਜ ਕੀਤਾ ਗਿਆ ਸੀ ਤੇ ਉਦੋਂ ਉਹ ਨੈਸ਼ਨਲ ਕੌਂਸਲ ਆਫ਼ ਸਿਵਲ ਲਿਬਰਟੀਜ਼ ਦੇ ਮੁਖੀ ਸਨ। ਇਹ ਕੇਸ ਪਾਟਕਰ ਵੱਲੋਂ ਉਸੇ ਸਾਲ 24 ਨਵੰਬਰ ਨੂੰ ਜਾਰੀ ਪ੍ਰੈੱਸ ਰਿਲੀਜ਼ ਨਾਲ ਸਬੰਧਤ ਹੈ। ਪਾਟਕਰ ਨੇ ਇਸ ਪ੍ਰੈੱਸ ਬਿਆਨ ਵਿਚ ਸਕਸੈਨਾ ਨੂੰ ‘ਬੁਜ਼ਦਿਲ’ ਦਸਦਿਆਂ ਕਥਿਤ ਹਵਾਲਾ ਲੈਣ ਦੇਣ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ।

ਪਾਟਕਰ ਨੇ ਦਾਅਵਾ ਕੀਤਾ ਸੀ ਕਿ ਸਕਸੈਨਾ ਗੁਜਰਾਤ ਦੇ ਲੋਕਾਂ ਅਤੇ ਸਰੋਤਾਂ ਨੂੰ ਵਿਦੇਸ਼ੀ ਹਿੱਤਾਂ ਲਈ ‘ਗਿਰਵੀ’ ਰੱਖ ਰਿਹਾ ਹੈ। ਇੱਕ ਮੈਜਿਸਟਰੇਟੀ ਕੋਰਟ ਨੇ ਪਿਛਲੇ ਸਾਲ ਸੁਣਾਏ ਫੈਸਲੇ ਵਿਚ ਕਿਹਾ ਸੀ ਕਿ ਇਹ ਬਿਆਨ ਨਾ ਸਿਰਫ਼ ਅਪਮਾਨਜਨਕ ਬਲਕਿ ਨਕਾਰਾਤਮਕ ਜਨਤਕ ਭਾਵਨਾਵਾਂ ਨੂੰ ਭੜਕਾਉਣ ਲਈ ਘੜੇ ਗਏ ਸਨ।

ਕੋਰਟ ਨੇ ਪਿਛਲੇ ਸਾਲ 24 ਮਈ ਨੂੰ ਪਾਟਕਰ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਸੀ। ਕੋਰਟ ਨੇ ਸਿੱਟਾ ਕੱਢਿਆ ਸੀ ਕਿ ਸਮਾਜਿਕ ਕਾਰਕੁਨ ਦੀਆਂ ਟਿੱਪਣੀਆਂ ਸਕਸੈਨਾ ਦੀ ਨਿੱਜੀ ਇਮਾਨਦਾਰੀ ਅਤੇ ਜਨਤਕ ਸੇਵਾ ਵਿੱਚ ਉਸ ਦੀ ਭੂਮਿਕਾ ’ਤੇ ਸਿੱਧਾ ਹਮਲਾ ਸਨ। ਸਜ਼ਾ ’ਤੇ ਬਹਿਸ ਮਗਰੋਂ ਅਦਾਲਤ ਨੇ 7 ਜੂਨ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।

ਪਾਟਕਰ ਨੂੰ 1 ਜੁਲਾਈ ਨੂੰ ਪੰਜ ਮਹੀਨੇ ਦੀ ਸਾਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਚੰਗੇ ਆਚਰਣ ਦੀ ਪ੍ਰੋਬੇਸ਼ਨ ਮਿਲੀ, ਜਿਸ ਵਿੱਚ 1 ਲੱਖ ਰੁਪਏ ਦਾ ਜੁਰਮਾਨਾ ਜਮ੍ਹਾਂ ਕਰਨ ਦੀ ਸ਼ਰਤ ਸੀ। ਸਾਕੇਤ ਅਦਾਲਤ ਦੇ ਜੱਜ ਵਿਸ਼ਾਲ ਸਿੰਘ ਦੀ ਅਗਵਾਈ ਵਾਲੀ ਸੈਸ਼ਨ ਅਦਾਲਤ ਨੇ ਹਾਲ ਹੀ ਵਿੱਚ 8 ਅਪਰੈਲ ਨੂੰ ਇਹ ਛੋਟ ਦਿੱਤੀ ਸੀ।

ਇਸ ਰਿਆਇਤ ਦੇ ਬਾਵਜੂਦ, ਪਾਟਕਰ ਬੁੱਧਵਾਰ ਨੂੰ ਪ੍ਰੋਬੇਸ਼ਨ ਬਾਂਡ ਭਰਨ ਅਤੇ ਜੁਰਮਾਨੇ ਦੀ ਅਦਾਇਗੀ ਲਈ ਅਦਾਲਤ ਵਿੱਚ ਪੇਸ਼ ਹੋਣ ਵਿੱਚ ਅਸਫਲ ਰਹੀ, ਜਿਸ ਮਗਰੋਂ ਕੋਰਟ ਨੇ ਦਿੱਲੀ ਪੁਲੀਸ ਕਮਿਸ਼ਨਰ ਰਾਹੀਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।

#MedhaPatkar #DefamationCase #SocialActivist #ArrestNews #23YearsOldCase #HumanRights #ActivismUnderThreat #BreakingNews #NarmadaBachao