ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਵਜ਼ੀਫ਼ੇ

ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਵਜ਼ੀਫ਼ੇ

ਕਾਦੀਆਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾਂਦੇ ਦੋ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਡਿਪਲੋਮਾ ਕੋਰਸ ਵਿੱਚੋਂ ਸਿੱਖ ਨੈਸ਼ਨਲ ਕਾਲਜ ਦੇ ਦੋ ਵਿਦਿਆਰਥੀਆਂ ਨੇ ਮੈਰਿਟ ਸਥਾਨ ਪ੍ਰਾਪਤ ਕਰਕੇ ਵਜ਼ੀਫ਼ੇ ਪ੍ਰਾਪਤ ਕੀਤੇ ਹਨ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦਿੰਦਿਆਂ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਦੋ ਸਾਲਾਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਗੁਰਮਤਿ ਕੋਰਸ ਆਪਣੀ ਪੜ੍ਹਾਈ ਦੇ ਨਾਲ ਨਾਲ ਸ਼ਾਨਦਾਰ ਅੰਕਾਂ ਨਾਲ ਪਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਮੈਰਿਟ ਲਿਸਟ ਵਿੱਚੋਂ ਸਥਾਨ ਪ੍ਰਾਪਤ ਕਰਕੇ ਵਜ਼ੀਫ਼ਾ ਹਾਸਲ ਕੀਤਾ ਹੈ। ਗੁਰਲੀਨ ਕੌਰ ਕਾਲਜ ਦੀ ਇੱਕ ਹੋਣਹਾਰ ਵਿਦਿਆਰਥਣ ਹੈ, ਜਿਸ ਨੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਅਤੇ ਧਾਰਮਿਕ ਪ੍ਰੀਖਿਆਵਾਂ ਦੇ ਕੇ ਵਜ਼ੀਫ਼ੇ ਹਾਸਿਲ ਕੀਤੇ ਹਨ ਤੇ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਦੋ ਸਾਲ ਦਾ ਪੱਤਰ ਵਿਹਾਰ ਸਿੱਖ ਧਰਮ ਅਧਿਐਨ ਗੁਰਮਤਿ ਕੋਰਸ ਪੂਰਾ ਕੀਤਾ ਹੈ। ਇਸ ਤੋਂ ਪਹਿਲਾਂ ਉਸਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਮਾਝਾ ਜ਼ੋਨ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕਰਕੇ ਵਜ਼ੀਫ਼ਾ ਹਾਸਲ ਕੀਤਾ ਸੀ। ਦੂਸਰੇ ਵਿਦਿਆਰਥੀ ਗੁਰਵਿਸ਼ਵਾਸਜੀਤ ਸਿੰਘ ਨੇ ਵੀ ਇਸ ਪੱਤਰ ਵਿਹਾਰ ਡਿਪਲੋਮਾ ਕੋਰਸ ਵਿੱਚੋਂ ਮੈਰਿਟ ਸਥਾਨ ਪ੍ਰਾਪਤ ਕਰਕੇ ਵਜ਼ੀਫ਼ਾ ਹਾਸਲ ਕੀਤਾ ਹੈ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਪ੍ਰਚਾਰਕ ਭਾਈ ਸਿਮਰਨਜੀਤ ਸਿੰਘ ਅਤੇ ਉਹਨਾਂ ਨਾਲ ਪ੍ਰਚਾਰਕ ਭਾਈ ਗੁਰਮੁਖ ਸਿੰਘ ਹਾਜ਼ਰ ਸਨ। ਕਾਲਜ ਦੀਆਂ ਧਾਰਮਿਕ ਗਤੀਵਿਧੀਆਂ ਦੇ ਇੰਚਾਰਜ ਪ੍ਰੋਫ਼ੈਸਰ ਕੁਲਵਿੰਦਰ ਸਿੰਘ, ਪ੍ਰੋਫ਼ੈਸਰ ਕੁਲਵਿੰਦਰ ਸਿੰਘ ਭਾਟੀਆ, ਪ੍ਰੋਫ਼ੈਸਰ ਰਾਜਬੀਰ ਕੌਰ, ਸਕੂਲ ਇੰਚਾਰਜ ਲੈਕਚਰਾਰ ਰਵਿੰਦਰ ਸਿੰਘ, ਲੈਕਚਰਾਰ ਦਲਜੀਤ ਕੌਰ, ਲੈਕਚਰਾਰ ਰਮਨਜੀਤ ਕੌਰ ਸਮੇਤ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਇਸ ਮੌਕੇ ਕਿਹਾ ਹੈ ਕਿ ਵਿਦਿਆਰਥੀ ਵਰਗ ਪੜ੍ਹਾਈ ਦੇ ਨਾਲ ਨਾਲ ਸਹਿ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਇਹ ਹਿੱਸਾ ਲੈਣ ਤਾਂ ਜੋ ਉਹਨਾਂ ਦੀ ਸ਼ਖਸ਼ੀਅਤ ਉਸਾਰੀ ਵਿੱਚ ਨਿਖਾਰ ਆ ਸਕੇ। ਉਨ੍ਹਾ ਕਿਹਾ ਕਿ ਕਾਲਜ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਰ ਸਾਲ ਹਿੱਸਾ ਲੈਂਦੇ ਹਨ ਤੇ ਮੈਰਿਟ ਸਥਾਨ ਪ੍ਰਾਪਤ ਕਰਕੇ ਵਜ਼ੀਫ਼ੇ ਹਾਸਿਲ ਕਰਦੇ ਹਨ। ਇਸ ਮੌਕੇ ਉਹਨਾਂ ਨੇ ਇੰਚਾਰਜ ਸਾਹਿਬਾਨ ਨੂੰ ਵੀ ਮੁਬਾਰਕਬਾਦ ਭੇਟ ਕੀਤੀ ਹੈ।