ਓਵਰਲੋਡ ਤੂੜੀ ਵਾਲੀ ਟਰਾਲੀ ਪਲਟੀ, ਵੱਡਾ ਹਾਦਸਾ ਹੋਣੋਂ ਟਲ਼ਿਆ

ਓਵਰਲੋਡ ਤੂੜੀ ਵਾਲੀ ਟਰਾਲੀ ਪਲਟੀ, ਵੱਡਾ ਹਾਦਸਾ ਹੋਣੋਂ ਟਲ਼ਿਆ

ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ’ਤੇ ਇਕ ਓਵਰਲੋਡ ਤੂੜੀ ਵਾਲੀ ਟਰਾਲੀ ਪਲਟ ਗਈ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਬਰਵਾਲਾ ਰੋਡ ’ਤੇ ਓਵਰਲੋਡ ਤੂੜੀ ਵਾਲੀ ਟਰਾਲੀਆਂ ਅਤੇ ਟਿੱਪਰਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਕਾਫ਼ੀ ਲੰਬਾ ਜਾਮ ਵੀ ਲੱਗਿਆ ਰਹਿੰਦਾ ਹੈ। ਇਸ ਕਾਰਨ ਮਿੰਨੀ ਬੱਸਾਂ ਵਾਲੇ ਆਪਣੀ ਬੱਸਾਂ ਨੂੰ ਸੈਦਪੁਰਾ ਤੋਂ ਗੁਲਾਬਗੜ੍ਹ ਦੇ ਬਦਲਵੇਂ ਰੂਟ ਰਾਹੀਂ ਬਰਵਾਲਾ ਪਹੁੰਦੇ ਹਨ। ਲੋਕਾਂ ਨੇ ਦੱਸਿਆ ਕਿ ਜਦੋਂ ਤੱਕ ਡੇਰਾਬੱਸੀ ਬਰਵਾਲਾ ਰੋਡ ’ਤੇ ਚੱਲਣ ਵਾਲੇ ਭਾਰੀ ਵਾਹਨਾਂ ਅਤੇ ਓਵਰਲੋਡ ਭਰੀ ਤੂੜੀ ਵਾਲੀਆਂ ਟਰਾਲੀਆਂ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਜਾਂਦਾ, ਓਦੋਂ ਤਕ ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਅਤੇ ਵਾਹਨ ਚਾਲਕਾਂ ਦਾ ਰੱਬ ਹੀ ਰਾਖਾ ਹੈ। ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਇਸ ਰੋਡ ’ਤੇ ਕਈ ਓਵਰਲੋਡ ਟਰਾਲੀਆਂ ਪਲਟ ਚੁੱਕੀਆਂ ਹਨ ਪਰ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਜੇਕਰ ਇਹ ਤੂੜੀ ਵਾਲੀਆਂ ਓਵਰਲੋਡ ਟਰਾਲੀਆਂ ਕਿਸੇ ਦੁਪਹੀਆ ਵਾਹਨ ਚਾਲਕ ਉਪਰ ਡਿੱਗ ਜਾਣ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪ੍ਰੰਤੂ ਸਥਾਨਕ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਆਪਣੀ ਅੱਖਾਂ ਬੰਦ ਕਰਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਚ ਬੈਠੇ ਹੋਏ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਵਾਹਨ ਚਾਲਕਾਂ ਅਤੇ ਤੂੜੀ ਵਾਲੀਆਂ ਓਵਰਲੋਡ ਟਰਾਲੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਵ ਹੋ ਸਕੇ।