ਡਿਪਟੀ ਕਮਿਸ਼ਨਰ ਵਲੋਂ ਬਿਹਤਰੀਨ ਸੇਵਾਵਾਂ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ
- ਪੰਜਾਬ
- 23 Dec,2024

ਬਰਨਾਲਾ - ਜ਼ਿਲ੍ਹਾ ਬਰਨਾਲਾ ਵਿੱਚ ਖੇਤੀਬਾੜੀ ਸਣੇ ਵੱਖ ਵੱਖ ਵਿਭਾਗਾਂ ਵਲੋਂ ਪਰਾਲੀ ਪ੍ਰਬੰਧਨ ਮੁਹਿੰਮ ਵਿੱਚ ਦਿੱਤੇ ਸਹਿਯੋਗ ਸਦਕਾ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਸਾੜਨ ਦੇ ਕੇਸ ਪਿਛਲੇ ਸਾਲ ਦੇ ਮੁਕਾਬਲੇ 88 ਫੀਸਦੀ ਘਟੇ ਹਨ ਅਤੇ ਜ਼ਿਲ੍ਹਾ ਪਰਾਲੀ ਪ੍ਰਬੰਧਨ ਵਿਚ ਸੂਬੇ ਦੇ ਮੋਹਰੀ ਜ਼ਿਲ੍ਹਿਆਂ ਵਿਚ ਸ਼ਾਮਲ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ (Barnala DC) ਪੂਨਮਦੀਪ ਕੌਰ ਆਈ ਏ ਐੱਸ ਨੇ ਇੱਥੇ ਸਪਰਿੰਗ ਵਿਲਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਨਮਾਨ ਸਮਾਗਮ ਦੌਰਾਨ ਕਹੇ।
ਇਸ ਸਮਾਗਮ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਸਾਰੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਪਰਾਲੀ ਪ੍ਰਬੰਧਨ ਮੁਹਿੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕੀਤੀ ਵਿਓਂਤਬੰਦੀ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਤੁਹਾਡੇ ਸਭ ਦੇ ਸਹਿਯੋਗ ਸਦਕਾ ਹੀ ਅਸੀਂ ਇਸ ਮੁਹਿੰਮ ਵਿਚ ਸਫ਼ਲ ਹੋ ਸਕੇ ਹਾਂ। ਉਨ੍ਹਾਂ ਸਾਰਿਆਂ ਨੂੰ ਆਉਂਦੇ ਸਮੇਂ ਵੀ ਇਸੇ ਤਰਾਂ ਮੁਹਿੰਮ ਵਿਚ ਡਟਣ ਦਾ ਸੱਦਾ ਦਿੱਤਾ ਤਾਂ ਜੋ ਅਸੀਂ ਵਾਤਾਵਰਨ ਬਚਾ ਸਕੀਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਤਵੰਤ ਸਿੰਘ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਕਰਮਚਾਰੀਆਂ, ਸੀ ਆਈ ਡੀ ਵਿੰਗ, ਮਾਲ ਵਿਭਾਗ ਤੋਂ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡ, ਸਹਿਕਾਰਤਾ ਵਿਭਾਗ, ਕਲੱਸਟਰ ਇੰਚਾਰਜ, ਖੇਤੀਬਾੜੀ ਵਿਕਾਸ ਅਫਸਰ ਅਤੇ ਟੀਮਾਂ, ਡੀ ਆਰ ਏ ਸ਼ਾਖਾ ਸਣੇ ਵੱਖ ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਪ੍ਰਸੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ।
Posted By:

Leave a Reply