Daily Suraj

ਪੰਜਾਬੀ

ਕੇਂਦਰ ਸਰਕਾਰ ਅਤੇ CJP ਦੀ ਗੱਲਬਾਤ ਤੋਂ ਪਹਿਲਾਂ ਮੀਟਿੰਗ ਦਾ ਸਥਾਨ ਬਦਲਿਆ

24 Jul, 2026 03:47 PM

ਦਿੱਲੀ ਵਿੱਚ ਕੇਂਦਰ ਸਰਕਾਰ ਅਤੇ ਕਾਕਰੋਚ ਜਨਤਾ ਪਾਰਟੀ (CJP) ਵਿਚਾਲੇ ਦੂਜੇ ਦੌਰ ਦੀ ਗੱਲਬਾਤ ਤੋਂ ਠੀਕ ਪਹਿਲਾਂ ਮੀਟਿੰਗ ਦੇ ਸਥਾਨ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਬੈਠਕ ਕੰਸਟੀਚਿਊਸ਼ਨ ਕਲੱਬ ਵਿੱਚ ਹੋਵੇਗੀ, ਪਰ ਹੁਣ ਇਹ ਮੀਟਿੰਗ ਵਿਠਲਭਾਈ ਪਟੇਲ ਹਾਊਸ ਵਿਖੇ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ 20 ਜੁਲਾਈ ਨੂੰ ਕੇਂਦਰੀ ਮੰਤਰੀ ਜੇਪੀ ਨੱਡਾ ਦੇ ਨਿਵਾਸ ਸਥਾਨ ‘ਤੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਈ ਸੀ, ਪਰ ਉਹ ਬੈਠਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ ਸੀ। ਇਸ ਮਾਮਲੇ ‘ਤੇ ਇੱਕ ਦਿਨ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ CJP ਨੂੰ ਗੱਲਬਾਤ ਲਈ ਚਾਰ ਵਾਰ ਸੱਦਾ ਦਿੱਤਾ ਗਿਆ, ਪਰ ਪਾਰਟੀ ਦੇ ਨੁਮਾਇੰਦੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਦੂਜੇ ਪਾਸੇ, CJP ਨੇ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ, ਪਰ ਕੇਂਦਰੀ ਮੰਤਰੀ ਜੇਪੀ ਨੱਡਾ ਦੇ ਨਿਵਾਸ ਸਥਾਨ ‘ਤੇ ਨਹੀਂ ਜਾਣਗੇ। ਪਾਰਟੀ ਨੇ ਇੱਕ ਨਿਰਪੱਖ ਸਥਾਨ ‘ਤੇ ਗੱਲਬਾਤ ਕਰਨ ਨੂੰ ਤਰਜੀਹ ਦਿੱਤੀ ਸੀ। ਜੰਤਰ-ਮੰਤਰ ‘ਤੇ ਜਾਰੀ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ CJP ਨੇ ਸਰਕਾਰ ਨਾਲ ਹੋਣ ਵਾਲੀ ਬੈਠਕ ਤੋਂ ਪਹਿਲਾਂ ਆਪਣਾ ਰੁਖ਼ ਵੀ ਸਪੱਸ਼ਟ ਕਰ ਦਿੱਤਾ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਜਦੋਂ ਤੱਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਪੱਧਰ ‘ਤੇ ਗੱਲਬਾਤ ਦਾ ਪ੍ਰਸਤਾਵ ਰੱਖ ਸਕਦੀ ਹੈ, ਪਰ CJP ਦੀ ਮੁੱਖ ਮੰਗ ਸਿੱਖਿਆ ਮੰਤਰੀ ਦਾ ਅਸਤੀਫ਼ਾ ਹੈ। ਉਨ੍ਹਾਂ ਦੇ ਅਨੁਸਾਰ, ਇਸ ਮੰਗ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੁਹਰਾਇਆ ਕਿ ਪ੍ਰਦਰਸ਼ਨਕਾਰੀ ਜੰਤਰ-ਮੰਤਰ ਤੋਂ ਉਦੋਂ ਤੱਕ ਨਹੀਂ ਹਟਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੁੱਖ ਮੰਗਾਂ ‘ਤੇ ਸਰਕਾਰ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ।

Posted By: Daily Suraj Bureau

Latest News