ਬਹੁਤ ਉਮੀਦਾਂ ਹਨ ਦਿੱਲੀ ਨੂੰ ਰੇਖਾ ਗੁਪਤਾ ਤੋਂ

ਬਹੁਤ ਉਮੀਦਾਂ ਹਨ ਦਿੱਲੀ ਨੂੰ ਰੇਖਾ ਗੁਪਤਾ ਤੋਂ

ਨਵੀਂ ਦਿੱਲੀ :ਅਣਕਿਆਸੀ ਚੋਣ ਨੇ ਜਿੱਥੇ ਰੇਖਾ ਗੁਪਤਾ ਲਈ ਭਰਵਾਂ ਸਿਆਸੀ ਸਦਭਾਵ ਪੈਦਾ ਕੀਤਾ ਹੈ, ਉੱਥੇ ਜ਼ਿੰਮੇਵਾਰੀਆਂ ਤੇ ਆਸਾਂ-ਉਮੀਦਾਂ ਦੀਆਂ ਪੰਡੋਰੀਆਂ ਵੀ ਵੱਧ ਭਾਰੀ ਬਣਾ ਦਿਤੀਆਂ ਹਨ। ਦਿੱਲੀ ਦੇ ਲੋਕਾਂ ਲਈ ਮਹਿਲਾ ਮੁੱਖ ਮੰਤਰੀ ਕੋਈ ਨਵਾਂ ਵਰਤਾਰਾ ਨਹੀਂ। ਸ਼ੀਲਾ ਦੀਕਸ਼ਿਤ, ਸੁਸ਼ਮਾ ਸਵਰਾਜ ਤੇ ਆਤਿਸ਼ੀ ਦੇ ਕਾਰਜਕਾਲ, ਦਿੱਲੀ ਦੀ ਜਨਤਾ ਪਹਿਲਾਂ ਹੀ ਦੇਖ ਚੁੱਕੀ ਹੈ।

ਕੇਜਰੀਵਾਲ-ਆਤਿਸ਼ੀ ਯੁੱਗ ਤੋਂ ਉਲਟ ਰੇਖਾ ਗੁਪਤਾ ਨੂੰ ਕੇਂਦਰ ਸਰਕਾਰ ਤੋਂ ਵੀ ਸਰਪ੍ਰਸਤੀ ਮਿਲੇਗੀ ਤੇ ਉਪ ਰਾਜਪਾਲ ਪਾਸੋਂ ਵੀ। ਇਸ ਸਰਪ੍ਰਸਤੀ ਦਾ ਲਾਹਾ ਲੈਣ ਦੀ ਕਾਬਲੀਅਤ ਦਿਖਾਉਣੀ ਵੀ ਕੋਈ ਛੋਟਾ ਚੈਲੰਜ ਨਹੀਂ। ‘ਡਬਲ ਇੰਜਣ' ਸਰਕਾਰ ਵਾਲਾ ਵਜੂਦ, ਜਨਤਕ ਉਮੀਦਾਂ- ਉਮਾਹਾਂ ਨੂੰ ਵੀ ‘ਡਬਲ' ਕਰ ਦਿੰਦਾ ਹੈ। ਅਜਿਹੀਆਂ ਆਸਾਂ- ਉਮੀਦਾਂ ਦੇ ਹਾਣ ਦੀ ਸਾਬਤ ਹੋਣਾ ਰੇਖਾ ਗੁਪਤਾ ਲਈ ਅਜ਼ਮਾਇਸ਼ ਵੀ ਹੋਵੇਗਾ ਅਤੇ ਅਵਸਰ ਵੀ।

ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੂੰ ਦਿੱਲੀ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਭਾਰਤੀ ਜਨਤਾ ਪਾਰਟੀ ਨੇ ਸੂਬਾਈ ਪੱਧਰ 'ਤੇ ਨਵੀਂ ਲੀਡਰਸ਼ਿਪ ਉਭਾਰਨ-ਉਸਾਰਨ ਦਾ ਸਿਲਸਿਲਾ ਬਰਕਰਾਰ ਰੱਖਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਚਰਚਾਵਾਂ ਸਨ ਕਿ ਪਾਰਟੀ ਅਪਣੇ ਕਿਸੇ ਮੁਕਾਮੀ ਸੰਸਦ ਮੈਂਬਰ ਜਾਂ ਕਿਸੇ ਹੋਰ ਕੱਦਾਵਰ ਨੇਤਾ ਨੂੰ ਮੁੱਖ ਮੰਤਰੀ ਬਣਾਏਗੀ। ਰੇਖਾ ਗੁਪਤਾ ਦਾ ਨਾਮ ਤਾਂ ‘ਨਾ ਤਿੰਨ ਵਿਚ ਸੀ ਤਾਂ ਤੇਰਾਂ ਵਿਚ'।

ਪਰ ਭਾਜਪਾ ਲੀਡਰਸ਼ਿਪ ਨੇ ਅਪਣੇ ਫ਼ੈਸਲੇ ਨੂੰ ਐਨ ਆਖ਼ਰੀ ਮੌਕੇ ਤਕ ਗੁਪਤ ਰੱਖਿਆ ਅਸਲ ਪਤਾ ਵਿਧਾਇਕ ਦਲ ਦੀ ਮੀਟਿੰਗ ਵਿਚ ਹੀ ਖੋਲ੍ਹਿਆ ਅਤੇ ਦਿੱਲੀ ਸਰਕਾਰ ਦੀ ਅਗਵਾਈ ਉਸ ਮਹਿਲਾ ਆਗੂ ਨੂੰ ਸੌਂਪੀ ਜੋ ਵਿਦਿਆਰਥੀ ਰਾਜਨੀਤੀ ਦੀ ਪੈਦਾਇਸ਼ ਹੈ, ਸਿਆਸੀ ਤੇ ਸਮਾਜਿਕ ਤੌਰ 'ਤੇ ਨਿਰਵਿਵਾਦਿਤ ਹੈ ਅਤੇ ਉਸ ਮੱਧ ਵਰਗ ਨਾਲ ਸਬੰਧਿਤ ਹੈ ਜਿਸ ਨੇ ਇਸ ਵਾਰ ਭਾਜਪਾ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਇਨ੍ਹਾਂ ਤੱਤਾਂ-ਤੱਥਾਂ ਤੋਂ ਇਲਾਵਾ ਉਹ ਪੜ੍ਹੀ-ਲਿਖੀ (ਐਮ.ਏ.; ਐਲ.ਐਲ.ਬੀ.), ਪ੍ਰੋਫ਼ੈਸ਼ਨਲ (ਐਡਵੋਕੇਟ) ਅਤੇ ਦਿੱਲੀ ਦੇ ਰਾਜਸੀ-ਸਮਾਜਿਕ-ਸਭਿਆਚਾਰਕ ਹਲਕਿਆਂ ਵਿਚ ਜਾਣੀ-ਪਛਾਣੀ ਹਸਤੀ ਹੈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਤੇ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐਸ.ਐਸ.) ਵਾਲਾ ਸਿਆਸੀ ਪਿਛੋਕੜ ਅਤੇ ਨਵੀਂ ਦਿੱਲੀ ਨਗਰ ਨਿਗਮ ਦੀ ਸਰਕਰਦਾ ਮੈਂਬਰ ਵਾਲਾ ਪ੍ਰਸ਼ਾਸਨਿਕ ਤਜਰਬਾ ਵੀ ਉਨ੍ਹਾਂ ਸਾਰੀਆਂ ਯੋਗਤਾਵਾਂ ਦੀ ਪੂਰਤੀ ਕਰਦਾ ਹੈ ਜਿਹੜੀਆਂ ਭਾਜਪਾ ਦੀ ਕੌਮੀ ਲੀਡਰਸ਼ਿਪ, ਭਵਿੱਖ ਦੇ ਆਗੂਆਂ ਲਈ ਲਾਜ਼ਮੀ ਮੰਨਦੀ ਆਈ ਹੈ।ਉਂਜ ਵੀ, ਰੇਖਾ ਗੁਪਤਾ ਦੀ ਚੋਣ ਭਾਜਪਾ ਦੇ ਉਨ੍ਹਾਂ ਨਿੰਦਕਾਂ- ਆਲੋਚਕਾਂ ਦੀ ਜ਼ੁਬਾਨਬੰਦੀ ਲਈ ਢੁਕਵੀਂ ਹੈ ਜਿਹੜੇ ਇਹ ਦੋਸ਼ ਲਾਉਂਦੇ ਆਏ ਸਨ ਕਿ ਇਹ ਪਾਰਟੀ ਮਹਿਲਾ ਆਗੂਆਂ ਨੂੰ ਮੌਲਣ-ਵਿਗਸਣ ਦੇ ਮੌਕੇ ਨਹੀਂ ਦਿੰਦੀ।

ਅਜਿਹੀ ਅਣਕਿਆਸੀ ਚੋਣ ਨੇ ਜਿੱਥੇ ਰੇਖਾ ਗੁਪਤਾ ਲਈ ਭਰਵਾਂ ਸਿਆਸੀ ਸਦਭਾਵ ਪੈਦਾ ਕੀਤਾ ਹੈ, ਉੱਥੇ ਜ਼ਿੰਮੇਵਾਰੀਆਂ ਤੇ ਆਸਾਂ-ਉਮੀਦਾਂ ਦੀਆਂ ਪੰਡੋਰੀਆਂ ਵੀ ਵੱਧ ਭਾਰੀ ਬਣਾ ਦਿਤੀਆਂ ਹਨ। ਦਿੱਲੀ ਦੇ ਲੋਕਾਂ ਲਈ ਮਹਿਲਾ ਮੁੱਖ ਮੰਤਰੀ ਕੋਈ ਨਵਾਂ ਵਰਤਾਰਾ ਨਹੀਂ। ਸ਼ੀਲਾ ਦੀਕਸ਼ਿਤ, ਸੁਸ਼ਮਾ ਸਵਰਾਜ ਤੇ ਆਤਿਸ਼ੀ ਦੇ ਕਾਰਜਕਾਲ, ਦਿੱਲੀ ਦੀ ਜਨਤਾ ਪਹਿਲਾਂ ਹੀ ਦੇਖ ਚੁੱਕੀ ਹੈ। ਕਾਂਗਰਸੀ ਨੇਤਾ ਸ਼ੀਲਾ ਦੀਕਸ਼ਿਤ ਤਿੰਨ ਵਾਰ ਮੁੱਖ ਮੰਤਰੀ ਰਹੀ।ਉਨ੍ਹਾਂ ਨੇ ਦਿੱਲੀ ਦੀ ਦਿੱਖ ਸੁਧਾਰੀ, ਜਨਤਕ ਸੁੱਖ-ਸਹੂਲਤਾਂ ਤਕ ਗ਼ਰੀਬ ਜਨਤਾ ਦੀ ਪਹੁੰਚ ਸੰਭਵ ਬਣਾਈ ਅਤੇ ਪ੍ਰਸ਼ਾਸਨਿਕ ਤੰਤਰ ਵਿਚ ਲੋਕਾਂ ਪ੍ਰਤੀ ਜਵਾਬਦੇਹੀ ਦਾ ਅਹਿਸਾਸ ਪੈਦਾ ਕੀਤਾ। ਸੁਸ਼ਮਾ ਸਵਰਾਜ ਦਾ ਸੀਮਤ ਜਿਹਾ ਕਾਰਜਕਾਲ ਭਾਵੇਂ ਪਿਆਜ਼ਾਂ ਦੀਆਂ ਕੀਮਤਾਂ ਵਿਚ ਅਚਨਚੇਤੀ ਉਛਾਲੇ ਤੋਂ ਉਪਜੇ ਅਸੰਤੋਖ ਵਿਚ ਰੁਲ ਕੇ ਰਹਿ ਗਿਆ, ਫਿਰ ਵੀ ਜਨਤਕ ਸਮੱਸਿਆਵਾਂ ਨੂੰ ਸਮਝਣ-ਬੁਝਣ ਦੀ ਉਨ੍ਹਾਂ ਦੀ ਸੁਹਜ ਲੋਕ-ਮਨਾਂ 'ਤੇ ਵਰ੍ਹਿਆਂ ਤਕ ਉੱਕਰੀ ਰਹੀ।ਆਤਿਸ਼ੀ ਤਾਂ ਅਪਣੇ ਨੇਤਾ ਅਰਵਿੰਦ ਕੇਜਰੀਵਾਲ ਦੀਆਂ ਖੜਾਵਾਂ ਉੱਤੇ ਹੀ ਪਹਿਰਾ ਦਿੰਦੀ ਰਹੀ। ‘ਆਰਜ਼ੀ ਸੀ.ਐਮ. ਵਾਲੀ ਇਸ ਪਹੁੰਚ ਦੇ ਬਾਵਜੂਦ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਆਸਾਨ ਜਿੱਤ ਨੇ ਦਰਸਾ ਦਿਤਾ ਕਿ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਅਕਸ ਅਜੇ ਵੀ ਪ੍ਰਭਾਵਸ਼ਾਲੀ ਰਾਜਨੇਤਾ ਵਾਲਾ ਹੈ। ਅਜਿਹੀਆਂ ਸ਼ਖ਼ਸੀਅਤਾਂ ਵਾਲੀ ਕਤਾਰ ਵਿਚ ਆਉਣਾ ਰੇਖਾ ਗੁਪਤਾ ਲਈ ਸੁਭਾਗੀ ਗੱਲ ਵੀ ਹੈ ਤੇ ਚੁਣੌਤੀਆਂ ਦਾ ਭੰਡਾਰ ਵੀ। ਚੁਣੌਤੀਆਂ ਹਨ ਵੀ ਗੰਭੀਰ। 

ਕੇਂਦਰ ਸਰਕਾਰ ਤੇ ਇਸ ਦੇ ‘ਨਿਸ਼ਾਨਚੀ’ (ਉਪ ਰਾਜਪਾਲ) ਨਾਲ ‘ਆਪ' ਸਰਕਾਰ ਦੀਆਂ ਨਿੱਤ ਦੀਆਂ ਲੜਾਈਆਂ ਨੇ ਜਿੱਥੇ ਪਿਛਲੇ 9 10 ਵਰ੍ਹਿਆਂ ਦੌਰਾਨ ਦਿੱਲੀ ਪ੍ਰਦੇਸ਼ ਵਿਚ ਬਿਜਲੀ-ਪਾਣੀ-ਸੜਕਾਂ ਤੇ ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਬਦਇੰਤਜ਼ਾਮੀ ਦਾ ਸ਼ਿਕਾਰ ਬਣਾਇਆ, ਉੱਥੇ ਸਵੱਛ ਹਵਾ ਤੇ ਸੁਥਰੀ ਫ਼ਿਜ਼ਾ ਵਰਗੀਆਂ ਕੁਦਰਤੀ ਨੇਹਮਤਾਂ ਨੂੰ ਵੀ ਦਿੱਲੀ ਵਾਸੀਆਂ ਤੋਂ ਦੂਰ ਕੀਤਾ। ਨਾ ਯਮੁਨਾ ਦੀ ਗੰਦਗੀ ਘਟੀ, ਨਾ ਸਮੁੱਚੇ ਪ੍ਰਦੇਸ਼ ਵਿਚ ਹਰਿਆਲੀ ਵਧੀ। ਸਕੂਲੀ ਸਿਖਿਆ ਤੇ ਜਨਤਕ ਸਿਹਤ ਸਹੂਲਤਾਂ ਵਰਗੇ ਖੇਤਰਾਂ ਅੰਦਰਲੀ ਪ੍ਰਗਤੀ ਵੀ ਪਿਛਲੇ ਦੋ ਵਰ੍ਹਿਆਂ ਦੌਰਾਨ ਅਪਣੀ ਚਮਕ ਗੁਆ ਬੈਠੀ। ਇਨ੍ਹਾਂ ਸਾਰੇ ਕਾਰਜਾਂ ਨੂੰ ਲੀਹ 'ਤੇ ਲਿਆਉਣਾ ਹੀ ਜਿੱਥੇ ਇਕ ਵੱਡੀ ਚੁਣੌਤੀ ਹੈ, ਉੱਥੇ ਪੁਰਾਣੀਆਂ ਭਲਾਈ ਸਕੀਮਾਂ ਨੂੰ ਜਾਰੀ ਰੱਖਣਾ ਤੇ ਨਵੇਂ ਚੋਣ ਵਾਅਦੇ ਵਫ਼ਾ ਕਰਨਾ ਵੀ ਕੋਈ ਘੱਟ ਬਿਖਮ ਕਾਰਜ ਨਹੀਂ। ਕੇਜਰੀਵਾਲ-ਆਤਿਸ਼ੀ ਯੁੱਗ ਤੋਂ ਉਲਟ ਰੇਖਾ ਗੁਪਤਾ ਨੂੰ ਕੇਂਦਰ ਸਰਕਾਰ ਤੋਂ ਵੀ ਸਰਪ੍ਰਸਤੀ ਮਿਲੇਗੀ ਤੇ ਉਪ ਰਾਜਪਾਲ ਪਾਸੋਂ ਵੀ। ਇਸ ਸਰਪ੍ਰਸਤੀ ਦਾ ਲਾਹਾ ਲੈਣ ਦੀ ਕਾਬਲੀਅਤ ਦਿਖਾਉਣੀ ਵੀ ਕੋਈ ਛੋਟਾ ਚੈਲੰਜ ਨਹੀਂ।‘ਡਬਲ ਇੰਜਣ’ ਸਰਕਾਰ ਵਾਲਾ ਵਜੂਦ, ਜਨਤਕ ਉਮੀਦਾਂ-ਉਮਾਹਾਂ ਨੂੰ ਵੀ ‘ਡਬਲ’ ਕਰ ਦਿੰਦਾ ਹੈ। ਅਜਿਹੀਆਂ ਆਸਾਂ- ਉਮੀਦਾਂ ਦੇ ਹਾਣ ਦੀ ਸਾਬਤ ਹੋਣਾ ਰੇਖਾ ਗੁਪਤਾ ਲਈ ਅਜ਼ਮਾਇਸ਼ ਵੀ ਹੋਵੇਗਾ ਅਤੇ ਅਵਸਰ ਵੀ।