ਅੰਮ੍ਰਿਤਸਰ ਮੇਅਰ ਚੋਣ ਮਾਮਲੇ ‘ਚ ਕਾਂਗਰਸ ਨੂੰ ਹਾਈ ਕੋਰਟ ਤੋਂ ਝਟਕਾ

ਅੰਮ੍ਰਿਤਸਰ ਮੇਅਰ ਚੋਣ ਮਾਮਲੇ ‘ਚ ਕਾਂਗਰਸ ਨੂੰ ਹਾਈ ਕੋਰਟ ਤੋਂ ਝਟਕਾ

ਚੰਡੀਗੜ੍ਹ : ਅੰਮ੍ਰਿਤਸਰ ਦੇ ਮੇਅਰ ਚੋਣ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਦਿੱਤੀ ਗਈ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਨਹੀਂ ਹੈ ਅਤੇ ਕਾਂਗਰਸ ਨੂੰ ਚੋਣ ਟ੍ਰਿਬਿਊਨਲ ਕੋਲ ਜਾਣਾ ਚਾਹੀਦਾ ਹੈ।

ਅਦਾਲਤੀ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ (AAP) ਵਲੋਂ ਇਸ ਮਾਮਲੇ ‘ਤੇ ਪ੍ਰਤੀਕ੍ਰਿਆ ਆਈ। AAP ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ "ਹਾਈ ਕੋਰਟ ਨੇ ਸੱਚਾਈ ਨੂੰ ਠੀਕ ਢੰਗ ਨਾਲ ਸਮਝਦੇ ਹੋਏ ਕਣਕ ਨੂੰ ਤੂੜੀ ਤੋਂ ਵੱਖ ਕਰ ਦਿੱਤਾ ਹੈ।" ਉਨ੍ਹਾਂ ਦਾਅਵਾ ਕੀਤਾ ਕਿ ਮੇਅਰ ਚੋਣਾਂ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਹੋਈਆਂ ਅਤੇ ਕਾਂਗਰਸ ਪਾਰਟੀ ਝੂਠੇ ਦੋਸ਼ ਲਗਾ ਕੇ ਸਿਰਫ਼ ਰਾਜਨੀਤੀ ਕਰ ਰਹੀ ਹੈ।

ਨੀਲ ਗਰਗ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ "ਪੰਚਾਇਤ ਚੋਣਾਂ ਦੌਰਾਨ ਵੀ ਅਜਿਹਾ ਨਹੀਂ ਹੋਇਆ। ਕਾਂਗਰਸ ਨੂੰ ਅਜਿਹੇ ਡਰਾਮੇ ਕਰਨ ਦੀ ਬਜਾਏ ਜਨਤਾ ਦੀ ਭਲਾਈ ‘ਤੇ ਧਿਆਨ ਦੇਣਾ ਚਾਹੀਦਾ ਹੈ।" ਹਾਲਾਂਕਿ, ਕੋਰਟ ਦੇ ਫੈਸਲੇ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ ਕੋਈ ਵੱਡੀ ਪ੍ਰਤੀਕ੍ਰਿਆ ਨਹੀਂ ਆਈ।

ਇਹ ਮਾਮਲਾ ਹੁਣ ਚੋਣ ਟ੍ਰਿਬਿਊਨਲ ਕੋਲ ਜਾ ਸਕਦਾ ਹੈ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਣ ਦੀ ਸੰਭਾਵਨਾ ਹੈ।