ਵਿਧਾਇਕ ਕਾਕਾ ਬਰਾੜ ਵੱਲੋਂ ਸੌ ਰੋਜ਼ਾ ਟੀਬੀ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ
- ਪੰਜਾਬ
- 07 Dec,2024

ਸ੍ਰੀ ਮੁਕਤਸਰ ਸਾਹਿਬ : 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤੀ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਹਰੀ ਝੰਡੀ ਦੇ ਕੇ ਸਟਾਫ ਨੂੰ ਟੀਬੀ ਮੁਕਤ ਮੁਹਿੰਮ ਲਈ ਫੀਲਡ ’ਚ ਜਾਣ ਲਈ ਰਵਾਨਾ ਕੀਤਾ। ਇਸ ਮੌਕੇ ਗੁਰਦਰਸ਼ਨ ਲਾਲ ਕੁੰਡਲ ਏਡੀਸੀ ਵਿਕਾਸ ਸ੍ਰੀ ਮੁਕਤਸਰ ਸਾਹਿਬ, ਡਾ. ਆਲਮਜੀਤ ਸਿੰਘ ਐਸਐਮਓ, ਡਾ. ਗੁਰਮੀਤ ਕੌਰ ਭੰਡਾਰੀ ਜਿਲ੍ਹਾ ਟੀਬੀ ਅਫਸਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਹਰਭਗਵਾਨ ਸਿੰਘ ਐਸਟੀਐਸ, ਹਰਮਨਦੀਪ ਅਰੋੜਾ, ਬਖਸ਼ੀਸ ਸਿੰਘ, ਸਿਵਲ ਹਸਪਤਾਲ ਦਾ ਸਟਾਫ ਤੇ ਆਸ਼ਾ ਵਰਕਰ ਮੌਜੂਦ ਸਨ। ਇਸ ਮੌਕੇ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਜੋ ਕਿ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਸਮਾਜ ਨੂੰ ਟੀਬੀ ਮੁਕਤ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਸਟਾਫ ਨੂੰ ਇਸ ਮੁਹਿੰਮ ਦੌਰਾਨ ਤਨਦੇਹੀ ਨਾਲ ਲੋਕਾਂ ’ਚ ਜਾ ਕੇ ਟੀਬੀ ਦੇ ਮਰੀਜਾਂ ਦੀ ਪਛਾਣ ਕਰਕੇ ਇਲਾਜ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ 2025 ਤੱਕ ਟੀਬੀ ਮੁਕਤ ਕੀਤਾ ਜਾ ਸਕੇ। ਇਸ ਮੌਕੇ ਏਡੀਸੀ ਗੁਰਦਰਸ਼ਨ ਲਾਲ ਕੁੰਡਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜੋ ਪੰਜਾਬ ਨੂੰ ਟੀਬੀ ਮੁਕਤ ਕਰਨ ਲਈ ਇਹ 100 ਦਿਨਾਂ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਡਾ. ਗੁਰਮੀਤ ਕੌਰ ਭੰਡਾਰੀ ਨੇ ਕਿਹਾ ਕਿ ਇਸ ਕੰਪੇਨ ਦੌਰਾਨ ਟੀਬੀ ਦੀ ਮੁਫਤ ਜਾਂਚ ਤੇ ਇਲਾਜ ਮੁਹੱਇਆ ਕਰਵਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਘਰ ਘਰ ਜਾਣ ਵਾਲੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਘਰ ਘਰ ਜਾ ਕੇ ਟੀਬੀ ਦੇ ਲੱਛਣਾਂ ਬਾਰੇ ਜਾਂਚ ਕਰਨਗੀਆਂ। ਉਨਾਂ ਕਿਹਾ ਕਿ 02 ਹਫਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗਮ ’ਚ ਖੂਨ ਦਾ ਆਉਣਾ ਅਜਿਹੇ ਲੱਛਣ ਆਉਣ ਤਾਂ ਤੁਰੰਤ ਸਰਕਾਰੀ ਹਸਪਤਾਲ ’ਚ ਮੁਫਤ ਜਾਂਚ ਕਰਵਾਈ ਜਾਵੇ ਤੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੰਪੇਨ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ 60 ਸਾਲ ਤੋਂ ਉਪਰ ਦੇ ਲੋਕਾਂ, ਸ਼ੂਗਰ, ਏਡਜ ਦੇ ਮਰੀਜਾਂ, ਕਰੋਨਿਕ ਬਿਮਾਰੀਆਂ ਦੇ ਮਰੀਜਾਂ, ਟੀਬੀ ਦੇ ਮਰੀਜਾਂ ਦੇ ਸੰਪਰਕ ’ਚ ਆਉਣ ਵਾਲੇ ਸਬੰਧੀਆਂ ਦੀ ਵਿਸ਼ੇਸ਼ ਤੌਰ ਤੇ ਸਕਰੀਨਿੰਗ ਕੀਤੀ ਜਾਵੇਗੀ ਤੇ ਸ਼ੱਕੀ ਟੀਬੀ ਮਰੀਜਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ। ਇਸ ਮੌਕੇ ਡਾ. ਆਲਮਜੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਇਸ ਮੁਹਿੰਮ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਵਿਸ਼ਵਾਸ਼ ਦਿਵਾਇਆ ਗਿਆ।
Posted By:

Leave a Reply