ਸੁਖਬੀਰ ਬਾਦਲ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾਈ

ਸੁਖਬੀਰ ਬਾਦਲ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾਈ

ਸ੍ਰੀ ਮੁਕਤਸਰ ਸਾਹਿਬ, 11 ਦਸੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹ ਤਹਿਤ ਲਾਈ ਗਈ ਧਾਰਮਿਕ ਸਜ਼ਾ ਭੁਗਤਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਬਰਛਾ ਫੜ ਕੇ ਸੇਵਾਦਾਰ ਵਜੋਂ ਅਤੇ ਲੰਗਰ ਵਿਖੇ ਭਾਂਡੇ ਮਾਂਜਣ ਦੀ ਦੋ ਰੋਜ਼ਾ ਸੇਵਾ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੀਲਾ ਚੋਲਾ ਪਹਿਨਿਆ ਹੋਇਆ ਸੀ ਤੇ ਗੁਰਬਾਣੀ ਦੀ ਤੁਕ ਲਿਖੀ ਤਖ਼ਤੀ ਗਲ ’ਚ ਪਾਈ ਹੋਈ ਸੀ।

ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਉਪਰ ਸੁਖਬੀਰ ਬਾਦਲ ਨੇ ਚੋਬਦਾਰ ਵਜੋਂ ਸਵੇਰੇ 9 ਤੋਂ 10 ਵਜੇ ਤੱਕ ਸੇਵਾ ਕੀਤੀ। ਇਸ ਉਪਰੰਤ 10 ਤੋਂ 11 ਵਜੇ ਤੱਕ ਉਨ੍ਹਾਂ ਕੀਰਤਨ ਸਰਵਣ ਕੀਤਾ ਤੇ ਫਿਰ 11 ਤੋਂ 12 ਵਜੇ ਤੱਕ ਲੰਗਰ ਹਾਲ ’ਚ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ। ਇਸ ਦੌਰਾਨ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ ਨੇ ਵੀ ਗੁਰਦੁਆਰਾ ਸਾਹਿਬ ’ਚ ਸੇਵਾ ਕੀਤੀ। ਸਖ਼ਤ ਸੁਰੱਖਿਆ ਵਿਚਕਾਰ ਸੁਖਬੀਰ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਘੰਟੇ ਸੇਵਾ ਕੀਤੀ। ਇਸ ਦੌਰਾਨ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ – ਅਕਾਲੀ ਦਲ ਦੇ ਮੁਕਤਸਰ ਤੋਂ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਵਾਲੀ, ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਅਤੇ ਹੋਰ ਆਗੂਆਂ ਨੇ ਵੀ ਸੇਵਾ ਕੀਤੀ।