ਅਕਾਲੀ ਆਗੂ ਚੰਦੂਮਾਜਰਾ ਦਾ ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਭਾਰਤੀਆਂ 'ਤੇ ਵੱਡਾ ਬਿਆਨ

ਅਕਾਲੀ ਆਗੂ ਚੰਦੂਮਾਜਰਾ ਦਾ ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਭਾਰਤੀਆਂ 'ਤੇ ਵੱਡਾ ਬਿਆਨ

ਅੰਮ੍ਰਿਤਸਰ : ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਰਤੇ ਲੋਕਾਂ ਤੇ ਵੱਡਾ ਬਿਆਨ ਦਿੱਤਾ ਹੈ ਅਤੇ ਉਨ੍ਹਾਂ ਨੇ ਟਰੰਪ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ।

ਜਾਰੀ ਬਿਆਨ ਵਿਚ ਚੰਦੂਮਾਜਰਾ ਨੇ ਕਿਹਾ ਕਿ ਅਮਰੀਕਾ ਵਿਚ ਰੁਜ਼ਗਾਰ ਖ਼ਾਤਰ ਗਏ ਭਾਰਤੀਆਂ ਦੇ ਨਾਲ ਜਿਹੜਾ ਵਤੀਰਾ ਟਰੰਪ ਸਰਕਾਰ ਨੇ ਕੀਤਾ ਹੈ, ਉਹ ਬੇਹੱਦ ਮੰਦਭਾਗਾ ਹੈ। ਨੌਜਵਾਨਾਂ ਨੂੰ ਹੱਥਕੜੀਆਂ ਲਾ ਕੇ ਜਿਵੇਂ ਟਰੰਪ ਸਰਕਾਰ ਨੇ ਸਾਡੇ ਦੇਸ਼ ਵੱਲ ਭਾਰਤੀਆਂ ਨੂੰ ਭੇਜਿਆ, ਉਹ ਬੜੀ ਮਾੜੀ ਗੱਲ ਹੈ। 

ਸੀਨੀਅਰ ਅਕਾਲੀ ਨੇਤਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਵਪਾਰ ਨੂੰ ਤਰਜੀਵ ਦੇਣ ਦੀ ਥਾਂ, ਦੇਸ਼ ਦੇ ਸਨਮਾਨ ਨੂੰ ਅਤੇ ਦੇਸ਼ ਦੀ ਇੱਜ਼ਤ ਨੂੰ ਤਰਜੀਵ ਦੇਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਟਰੰਪ ਦੀ ਅਜਿਹੀ ਕਾਰਵਾਈ ਨਾਲ ਭਾਰਤੀ ਆਰਥਿਕਤਾ ਤੇ ਅਸਰ ਪਵੇਗਾ ਅਤੇ ਸਮਾਜਿਕ ਤਾਣਾ-ਬਾਣਾ ਉਲਝੇਗਾ, ਕਾਨੂੰਨ ਵਿਵਸਥਾ ਵਿਗੜੇਗੀ, ਦੇਸ਼ ਦੇ ਵਿਚ ਬੇਰੁਜ਼ਗਾਰੀ ਵਧੇਗੀ। ਇਸ ਲਈ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। 

ਮੋਦੀ ਸਰਕਾਰ ਨੂੰ ਪਹਿਲਕਦਮੀ ਕਰਕੇ ਟਰੰਪ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਿਪੋਰਟ ਹੋ ਕੇ ਅਮਰੀਕਾ ਤੋਂ ਭਾਰਤ ਆਏ ਹਨ, ਉਨ੍ਹਾਂ ਲਈ ਰੁਜ਼ਗਾਰ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਡਿਪੋਰਟ ਹੋਏ ਪੰਜਾਬੀਆਂ ਦੀ ਹਾਲਤ ਵੱਲ ਧਿਆਨ ਦੇਵੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਹੀਲਾ ਕਰੇ।