ਜਾਣੋ ਕੌਣ ਹਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ?
- ਪੰਜਾਬ
- 11 Jan,2025

ਖਨੌਰੀ : ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਰਨ ਵਰਤ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ। 70 ਸਾਲਾ ਕਿਸਾਨ ਆਗੂ ਪਿਛਲੇ 45 ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਹਨ। ਉਹ 26 ਨਵੰਬਰ ਤੋਂ ਭੁੱਖ ਹੜਤਾਲ ’ਤੇ ਹਨ ਤਾਂ ਜੋ ਕੇਂਦਰ ’ਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਦਬਾਅ ਪਾਇਆ ਜਾ ਸਕੇ, ਜਿਸ ਵਿਚ ਫ਼ੈਸਲੇ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ’ਤੇ ਕਾਨੂੰਨੀ ਗਰੰਟੀ ਸ਼ਾਮਲ ਹੈ। ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧਪੁਰ) ਦੇ ਪ੍ਰਧਾਨ ਵੀ ਹਨ। ਉਹ ਪੰਜਾਬ ਦੇ ਫ਼ਰੀਦਕੋਟ ਦੇ ਪਿੰਡ ਡੱਲੇਵਾਲ ਦਾ ਰਹਿਣ ਵਾਲੇ ਹਨ।ਡੱਲੇਵਾਲ ਨੇ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ। ਉਸ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧਪੁਰ) ਇਕ ਸੰਗਠਨ ਹੈ ਜੋ 2022 ਵਿਚ ਸੰਯੁਕਤ ਕਿਸਾਨ ਮੋਰਚਾ (SKM) ਤੋਂ ਵੱਖ ਹੋ ਕੇ ਬਣਿਆ ਸੀ। ਦਰਅਸਲ, ਉਸ ਸਮੇਂ SKM ਦੇ ਇਕ ਨੇਤਾ, ਬਲਬੀਰ ਸਿੰਘ ਰਾਜੇਵਾਲ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਤੇ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ। ਫਿਰ ਡੱਲੇਵਾਲ ਐਸਕੇਐਮ ਤੋਂ ਵੱਖ ਹੋ ਗਏ ਤੇ ਜੁਲਾਈ 2022 ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਸਥਾਪਨਾ ਕੀਤੀ। ਇਹ ਸੰਗਠਨ 150 ਕਿਸਾਨ ਯੂਨੀਅਨਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ, ਜੋ ਰਾਜਨੀਤੀ ਵਿਚ ਸ਼ਾਮਲ ਨਹੀਂ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 13 ਫ਼ਰਵਰੀ ਤੋਂ ਪੰਜਾਬ ਤੇ ਹਰਿਆਣਾ ਵਿਚਕਾਰ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਡੇਰਾ ਲਾ ਲਿਆ। ਕਿਸਾਨ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕ ਦਿਤਾ, ਜਿਸ ਤੋਂ ਬਾਅਦ ਉਹ ਸਰਹੱਦ ’ਤੇ ਹੀ ਧਰਨਾ ਲਾ ਕੇ ਬੈਠ ਗਏ। ਜਗਜੀਤ ਸਿੰਘ ਡੱਲੇਵਾਲ ਕਿਸਾਨ ਅੰਦੋਲਨ ਪ੍ਰਤੀ ਕਿੰਨੇ ਗੰਭੀਰ ਰਹੇ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਰਨ ਵਰਤ ਰੱਖਣ ਤੋਂ ਪਹਿਲਾਂ, ਉਨ੍ਹਾਂ ਨੇ ਅਪਣੀ ਜਾਇਦਾਦ ਦਾ ਹਿਸਾਬ ਲਗਾ ਕੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਸੀ। ਇਕ ਮੀਡੀਆ ਸੰਸਥਾ ਨੂੰ ਦਿਤੇ ਇੰਟਰਵਿਊ ’ਚ, ਉਨ੍ਹਾਂ ਦੇ ਪੁੱਤਰ ਗੁਰਪਿੰਦਰਪਾਲ ਡੱਲੇਵਾਲ ਨੇ ਕਿਹਾ ਹੈ ਕਿ ਜਗਜੀਤ ਸਿੰਘ ਨੇ ਅਪਣੀ ਜਾਇਦਾਦ ’ਚੋਂ 4.5 ਏਕੜ ਜ਼ਮੀਨ ਉਨ੍ਹਾਂ ਨੂੰ ਸੌਂਪ ਦਿਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਨਾਮ ’ਤੇ ਦੋ ਏਕੜ ਜ਼ਮੀਨ ਤੇ ਅਪਣੇ ਪੋਤੇ ਜਿਗਰਜੋਤ ਸਿੰਘ ਦੇ ਨਾਮ ’ਤੇ 10.5 ਏਕੜ ਜ਼ਮੀਨ ਹੈ। ਐਸਕੇਐਮ (ਗੈਰ-ਰਾਜਨੀਤਿਕ) ਨੇਤਾ ਨੇ ਕਿਹਾ ਕਿ ਉਸਨੇ ਜ਼ਮੀਨ ਆਪਣੀ ਨੂੰਹ ਦੇ ਨਾਮ ਕਰ ਦਿਤੀ ਹੈ ਤਾਂ ਜੋ ਉਹ ਖ਼ੁਦ ਵਿੱਤੀ ਤੌਰ ’ਤੇ ਸੁਰੱਖਿਅਤ ਰਹੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕੀਤਾ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਦੇ ਪੈਰੋਕਾਰ, ਡੱਲੇਵਾਲ ਨੇ ਪਹਿਲਾਂ 23 ਮਾਰਚ 2018 ਨੂੰ ਦਿੱਲੀ ਵਿਚ ਉਨ੍ਹਾਂ ਨਾਲ ਵਰਤ ਰੱਖਿਆ ਸੀ। ਉਦੋਂ ਹਜ਼ਾਰੇ ਲੋਕਪਾਲ ਕਾਨੂੰਨ ਨੂੰ ਤੁਰਤ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ, ਉਹ ਖੇਤੀ ਸੰਕਟ ਦੇ ਹੱਲ ਅਤੇ ਬਿਹਤਰ ਚੋਣ ਪ੍ਰਕਿਰਿਆ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਸਨ। ਡੱਲੇਵਾਲ 40 ਸਾਲ ਤੋਂ ਸਿਧੂਪੁਰ ਕਿਸਾਨ ਜਥੇਬੰਦੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਜਗਜੀਤ ਸਿੰਘ ਨੇ ਕਾਲਜ ਟਾਈਮ ਤੋਂ ਲੈ ਕੇ ਹੁਣ ਤੱਕ ਛੇ ਵਾਰ ਮੌਜੂਦਾ ਸਰਕਾਰ ਨੂੰ ਝੁਕਾ ਕੇ ਮਨਵਾਈਆਂ ਆਪਣੀਆਂ ਮੰਗਾਂ। ਕਾਲਜ ’ਚ ਪੜ੍ਹਦੇ ਹੋਏ ਡੱਲੇਵਾਲ ਯੂਥ ਦੇ ਮੁੱਖ ਚਿਹਰੇ ਬਣੇ ਹੋਏ ਸੀ। ਕਾਲਜ ਦੇ ਪਿੱਛਲੇ ਪਾਸੇ ਇਕ ਰੇਲਵੇ ਟਰੈਕ ਸੀ ਪਰ ਕਾਲਜ ਦੇ ਵਿਦਿਆਰਥੀਆਂ ਨੂੰ ਉਥੇ ਉਤਾਰਦੀ ਨਹੀਂ ਸੀ, ਜਿਸ ਕਰ ਕੇ ਡੱਲੇਵਾਲ ਨੇ ਵਿਦਿਆਰਥੀਆਂ ਨਾਲ ਮਿਲ ਕੇ ਰੇਲਵੇ ਟਰੈਕ ’ਤੇ ਧਰਨਾ ਲਗਾ ਦਿਤਾ ਤੇ ਇਹ ਧਰਨਾ ਉਦੋਂ ਤੱਕ ਚੱਲਿਆ ਜਦੋਂ ਤੱਕ ਸਰਕਾਰ ਵਲੋਂ ਰੇਲ ਰੁੱਕਣ ਦੇ ਹੁਕਮ ਜਾਰੀ ਨਹੀਂ ਹੋਏ।ਜਦੋਂ ਕਿਸਾਨ ਦਿੱਲੀ ਵਿਚ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਪ੍ਰੋਟੈਸਟ ਕਰ ਰਹੇ ਸਨ ਉਦੋਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਵਿਚੋਂ ਇਕ ਸਨ। ਡੱਲੇਵਾਲ ਨੇ ਇਸ ਤੋਂ ਪਹਿਲਾਂ 8 ਜੂਨ 2023 ਨੂੰ ਵਰਤ ਰੱਖਿਆ ਸੀ। ਫਿਰ ਉਨ੍ਹਾਂ ਨੇ ਪਟਿਆਲਾ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਨੇ ਸੂਬਾ ਸਰਕਾਰ ਅੱਗੇ 21 ਮੰਗਾਂ ਰੱਖੀਆਂ ਸਨ।ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰਕ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਤੋਂ ਹੈ, ਉਨ੍ਹਾਂ ਦਾ ਪਰਵਾਰ ਬਾਅਦ ਵਿਚ ਫ਼ਰੀਦਕੋਟ ’ਚ ਵਸ ਗਿਆ। ਜਗਜੀਤ ਸਿੰਘ ਡੱਲੇਵਾਲ ਦਾ ਜਨਮ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਵਿਚ ਅਕਤੁਬਰ 1958 ਹੋਇਆ ਸੀ। 2001 ਵਿੱਚ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਅਜਮੇਰ ਸਿੰਘ ਲੱਖੋਵਾਲ ਅਤੇ ਪਿਸ਼ੌਰਾ ਸਿੰਘ ਸਿੱਧੂਪੁਰ ਵਿਚਕਾਰ ਮਤਭੇਦ ਪੈਦਾ ਹੋ ਗਏ। ਫਿਰ ਯੂਨੀਅਨ ਵੰਡੀ ਗਈ। ਇਸ ਦੌਰਾਨ, ਜਗਜੀਤ ਸਿੰਘ ਡੱਲੇਵਾਲ ਨੇ ਸਿੱਧੂਪੁਰ ਧੜੇ ਦਾ ਸਾਥ ਦਿਤਾ ਅਤੇ ਉਨ੍ਹਾਂ ਨੂੰ ਸਾਦਿਕ ਬਲਾਕ, ਫ਼ਰੀਦਕੋਟ ਦਾ ਪ੍ਰਧਾਨ ਬਣਾਇਆ ਗਿਆ। ਫਿਰ ਉਹ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਤੇ ਲਗਭਗ 15 ਸਾਲ ਇਸ ਅਹੁਦੇ ’ਤੇ ਕੰਮ ਕੀਤਾ। ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਹਨ। ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ, 70 ਸਾਲਾ ਜਗਜੀਤ ਸਿੰਘ ਡੱਲੇਵਾਲ ਕਿਸਾਨ ਅੰਦੋਲਨ ਦੇ ਇੱਕ ਪ੍ਰਮੁੱਖ ਨੇਤਾ ਵਜੋਂ ਉੱਭਰੇ ਹਨ। ਉਨ੍ਹਾਂ ਦੇ ਪੁੱਤਰ ਗੁਰਪਿੰਦਰ ਸਿੰਘ ਡੱਲੇਵਾਲ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਚਾਲੀ ਸਾਲਾਂ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਸਨ। ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੌਰਾਨ ਜਗਜੀਤ ਸਿੰਘ ਡੱਲੇਵਾਲ ਰਾਸ਼ਟਰੀ ਪੱਧਰ ’ਤੇ ਇੱਕ ਮਹੱਤਵਪੂਰਨ ਕਿਸਾਨ ਨੇਤਾ ਵਜੋਂ ਉਭਰੇ। ਡੱਲੇਵਾਲ ਨੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਕਿਸਾਨ ਆਗੂਆਂ ਦਾ ਜਨਤਕ ਤੌਰ ’ਤੇ ਵਿਰੋਧ ਕੀਤਾ ਸੀ। ਪਿਛਲੇ 9 ਮਹੀਨਿਆਂ ਤੋਂ ਚੱਲ ਰਿਹਾ ਇਹ ਸੰਘਰਸ਼ 26 ਨਵੰਬਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਾਰਨ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ।
Posted By:

Leave a Reply