ਬਿਜਲੀ ਮਹਿਕਮੇ ਦੀ ਲਾਪਰਵਾਹੀ ਕਰਕੇ ਵਾਪਰ ਸਕਦੈ ਵੱਡਾ ਹਾਦਸਾ, ਬਿਜਲੀ ਦੇ ਖੰਭੇ ਵਾਲਾ ਮੇਨ ਸਵਿੱਚ ਜ਼ਮੀਨ ’ਤੇ ਡਿੱਗਿਆ

ਬਿਜਲੀ ਮਹਿਕਮੇ ਦੀ ਲਾਪਰਵਾਹੀ ਕਰਕੇ ਵਾਪਰ ਸਕਦੈ ਵੱਡਾ ਹਾਦਸਾ, ਬਿਜਲੀ ਦੇ ਖੰਭੇ ਵਾਲਾ ਮੇਨ ਸਵਿੱਚ ਜ਼ਮੀਨ ’ਤੇ ਡਿੱਗਿਆ

ਡੇਰਾਬੱਸੀ : ਡੇਰਾਬੱਸੀ ਖੇਤਰ ਚ ਬਿਜਲੀ ਮਹਿਕਮੇ ਦੀ ਲਾਪਰਵਾਹੀ ਥਾਂ-ਥਾਂ ਵੇਖਣ ਨੂੰ ਮਿਲ ਰਹੀ ਹੈ। ਇਸਦੇ ਚਲਦੇ ਦਰਜਨਾਂ ਹਾਦਸੇ ਵਾਪਰ ਚੁੱਕੇ ਹਨ, ਫੇਰ ਵੀ ਮਹਿਕਮਾਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਬਿਜਲੀ ਮਹਿਕਮੇ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੱਕ ਹੇਠ ਤਹਿਸੀਲ ਦੀ ਦੀਵਾਰ ਤੇ ਪਿਛਲੇ 15 ਦਿਨਾਂ ਤੋਂ ਮੀਟਰਾਂ ਵਾਲਾ ਬਕਸਾ ਲਟਕ ਰਿਹਾ ਹੈ, ਜਿਸ ਪਾਸੇ ਨਾ ਤਾਂ ਵਿਭਾਗ ਧਿਆਨ ਦੇ ਰਿਹਾ ਅਤੇ ਨਾਂ ਹੀ ਪ੍ਰਸ਼ਾਸਨ ਕੋਈ ਕਦਮ ਚੁੱਕ ਰਿਹਾ ਹੈ। ਇਹ ਬਕਸਾ ਜਾਨੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚਕਾਰ ਪੈਂਦੀ ਅਨਾਜ ਮੰਡੀ ਚ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਇਕ ਬਿਜਲੀ ਵਾਲੇ ਖੰਭੇ ਦਾ ਮੇਨ ਸਵਿੱਚ ਦਾ ਬਕਸਾ ਹੇਠਾਂ ਡਿੱਗਿਆ ਪਿਆ ਹੈ। ਉਕਤ ਬਕਸੇ ਦਾ ਢੱਕਣ ਵੀ ਟੁੱਟਿਆ ਹੋਇਆ ਹੈ ਅਤੇ ਬਿਜਲੀ ਦੀਆਂ ਤਾਰਾਂ ਕਰਕੇ ਕਰੰਟ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਆਦਰਸ਼ ਨਗਰ ਵਿਖੇ ਵੀ ਬਿਜਲੀ ਦੇ ਬਾਕਸ ਵਿੱਚ ਖੁੱਲ੍ਹੇ ਮੀਟਰ ਧਰਤੀ ’ਤੇ ਲਟਕ ਰਹੇ ਹਨ। ਜਿਸ ਕਾਰਨ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਲੋਕਾਂ ਨੇ ਰੋਸ ਜਾਹਰ ਕਰਦੇ ਕਿਹਾ ਕਿ ਪੁਰਾਣੀ ਮੰਡੀ ਵਿਖੇ ਰੋਜ਼ਾਨਾਂ ਸਵੇਰੇ ਸਬਜ਼ੀ ਮੰਡੀ ਲੱਗਦੀ ਹੈ, ਸੈਂਕੜੇ ਲੋਕ ਇਥੇ ਇੱਕਤਰ ਹੁੰਦੇ ਹਨ। ਦਿਨ ਸਮੇਂ ਇਥੋਂ ਖਾਣ ਪੀਣ ਦੇ ਸਾਮਾਨ ਦੀ ਰੇਹੜੀਆਂ ਲੱਗਦੀਆਂ ਹਨ ਅਤੇ ਵਾਹਨਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਉਕਤ ਬਕਸੇ ਕਰਕੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ ਅਤੇ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੈ। ਇਸ ਥਾਂ ਤੇ ਛੋਟੇ-ਛੋਟੇ ਬੱਚੇ ਵੀ ਨਿਕਲਦੇ ਹਨ, ਜੋ ਇਸ ਦੀ ਲਪੇਟ ਚ ਆ ਸਕਦੇ ਹਨ। ਸ਼ਹਿਰ ਵਾਸੀਆਂ ਨੇ ਰੋਸ ਜਾਹਰ ਕਰਦੇ ਕਿਹਾ ਕਿ ਸ਼ਹਿਰ ਚ ਥਾਂ-ਥਾਂ ਤੇ ਅਜਿਹੇ ਬਕਸੇ ਖੁਲ੍ਹੇ ਪਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਲੇਕਿਨ ਵਿਭਾਗ ਕੋਈ ਕਰਵਾਈ ਨਹੀਂ ਕਰ ਰਿਹਾ। ਸ਼ਹਿਰ ਵਾਸੀਆਂ ਨੇ ਬਿਜਲੀ ਮਹਿਕਮੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਪਾਸੇ ਧਿਆਨ ਦਿੰਦੇ ਹੋਏ ਸਮੱਸਿਆ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਹੈ।